ਰੋਮ ਓਲੰਪੀਅਨ ਤੇ ਸਾਬਕਾ ਰਾਸ਼ਟਰੀ ਫ਼ੁੱਟਬਾਲ ਕੋਚ ਐੱਸ. ਐੱਸ. ਹਕੀਮ ਦਾ ਦਿਹਾਂਤ
Sunday, Aug 22, 2021 - 07:27 PM (IST)
ਨਵੀਂ ਦਿੱਲੀ— ਸਾਬਕਾ ਭਾਰਤੀ ਫ਼ੁੱਟਬਾਲਰ ਤੇ 1960 ਦੇ ਰੋਮ ਓਲੰਪਿਕ ’ਚ ਹਿੱਸਾ ਲੈਣ ਵਾਲੇ ਸਈਅਦ ਸ਼ਾਹਿਦ ਹਕੀਮ ਦਾ ਗੁਲਬਰਗਾ ਦੇ ਇਕ ਹਸਪਤਾਲ ’ਚ ਐਤਵਾਰ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਹਕੀਮ ਸਾਬ ਦੇ ਨਾਂ ਨਾਲ ਮਸ਼ਹੂਰ ਸਈਅਦ ਸ਼ਾਹਿਦ ਹਕੀਮ 82 ਸਾਲਾਂ ਦੇ ਸਨ। ਉਨ੍ਹਾਂ ਦੀ ਹਾਲ ਹੀ ਤਬੀਅਤ ਨਾਸਾਜ਼ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਗੁਲਬਰਗਾ ਦੇ ਇਕ ਹਸਪਤਾਲ ’ਚ ਦਾਖ਼ਲ ਕੀਤਾ ਗਿਆ ਸੀ।
ਹਕੀਮ ਪੰਜ ਦਹਾਕਿਆਂ ਤਕ ਭਾਰਤੀ ਫ਼ੁੱਟਬਾਲ ਨਾਲ ਜੁੜੇ ਰਹੇ। ਉਹ ਬਾਅਦ ’ਚ ਕੋਚ ਬਣੇ ਤੇ ਉਨ੍ਹਾਂ ਨੂੰ ਦੋ੍ਰਣਾਚਾਰਿਆ ਪੁਰਸਕਾਰ ਨਾਲ ਵੀ ਸਨਮਾਨਤ ਕੀਤਾ ਗਿਆ। ਉਹ ਏਸ਼ੀਆਈ ਖੇਡ 1982 ’ਚ ਪੀ. ਕੇ. ਬੈਨਰਜੀ ਦੇ ਨਾਲ ਸਹਾਇਕ ਕੋਚ ਸਨ ਤੇ ਬਾਅਦ ’ਚ ਮਰਡੇਕਾ ਕੱਪ ਦੇ ਦੌਰਾਨ ਰਾਸ਼ਟਰੀ ਟੀਮ ਦੇ ਮੁੱਖ ਕੋਚ ਬਣੇ। ਘਰੇਲੂ ਪੱਧਰ ’ਤੇ ਕੋਚ ਦੇ ਤੌਰ ’ਤੇ ਉਨ੍ਹਾਂ ਦਾ ਸਭ ਤੋਂ ਚੰਗਾ ਪ੍ਰਦਰਸ਼ਨ ਮਹਿੰਦਰਾ ਐਂਡ ਮਰਿੰਦਰਾ (ਹੁਣ ਮਹਿੰਦਰਾ ਯੂਨਾਈਟਿਡ) ਵੱਲੋਂ ਰਿਹਾ ਜਦਕਿ ਉਨ੍ਹਾਂ ਦੇ ਰਹਿੰਦੇ ਹੋਏ ਟੀਮ ਨੇ 1988 ’ਚ ਈਸਟ ਬੰਗਾਲ ਦੀ ਮਜ਼ਬੂਤ ਟੀਮ ਨੂੰ ਹਰਾ ਕੇ ਡੂਰੰਡ ਕੱਪ ਜਿੱਤਿਆ ਸੀ। ਉਹ ਸਾਲਗਾਵਕਰ ਦੇ ਵੀ ਕੋਚ ਰਹੇ।
ਉਹ ਫੀਫਾ ਦੇ ਕੌਮਾਂਤਰੀ ਰੈਫ਼ਰੀ ਵੀ ਰਹੇ ਤੇ ਉਨ੍ਹਾਂ ਨੂੰ ਵੱਕਾਰੀ ਧਿਆਨ ਚੰਦ ਪੁਰਸਕਾਰ ਨਾਲ ਵੀ ਸਨਮਾਨਤ ਕੀਤਾ ਗਿਆ। ਹਵਾਈ ਫ਼ੌਜ ਦੇ ਸਾਬਕਾ ਸਕਵਾਡ੍ਰਨ ਲੀਡਰ ਹਕੀਮ ਭਾਰਤੀ ਖੇਡ ਅਥਾਰਿਟੀ ਦੇ ਖੇਤਰੀ ਨਿਰਦੇਸ਼ਕ ਵੀ ਰਹੇ। ਉਹ ਅੰਡਰ-17 ਵਿਸ਼ਵ ਕੱਪ ਤੋਂ ਪਹਿਲਾਂ ਪ੍ਰਾਜੈਕਟ ਨਿਰਦੇਸ਼ਕ ਵੀ ਰਹੇ। ਹਕੀਮ ਸੈਂਟਰਲ ਮਿਡਲੀਡਲਰ ਦੇ ਤੌਰ ’ਤੇ ਖੇਡਦੇ ਸਨ ਪਰ ਇਹ ਸੱਚਾਈ ਹੈ ਕਿ ਉਨ੍ਹਾਂ ਨੂੰ 1960 ਰੋਮ ਓਲੰਪਿਕ ’ਚ ਖੇਡਣ ਦਾ ਮੌਕਾ ਨਹੀਂ ਮਿਲਿਆ ਸੀ। ਸਬੱਬ ਨਾਲ ਉਦੋਂ ਕੋਚ ਉਨ੍ਹਾਂ ਦੇ ਪਿਤਾ ਸਈਅਦ ਅਬਦੁਲ ਰਹੀਮ ਸਨ। ਇਸ ਤੋਂ ਬਾਅਦ ਉਹ ਏਸ਼ੀਆਈ ਖੇਡਾਂ 1962 ’ਚ ਸੋਨ ਤਮਗ਼ਾ ਜਿੱਤਣ ਵਾਲੀ ਟੀਮ ’ਚ ਜਗ੍ਹਾ ਬਣਾਉਣ ਤੋਂ ਖੁੰਝ ਗਏ ਸਨ।