ਸਵਿਸ ਓਪਨ ਬੈਡਮਿੰਟਨ ਟੂਰਨਾਮੈਂਟ : ਸਿੰਧੂ ਤੇ ਸ਼੍ਰੀਕਾਂਤ ''ਤੇ ਰਹਿਣਗੀਆਂ ਨਜ਼ਰਾਂ
Tuesday, Mar 22, 2022 - 11:06 AM (IST)
ਬਾਸੇਲ- ਆਲ ਇੰਗਲੈਂਡ ਚੈਂਪੀਅਨਸ਼ਿਪ ਦੇ ਉੱਪ ਜੇਤੂ ਲਕਸ਼ੈ ਸੇਨ ਦੀ ਗ਼ੈਰਮੌਜੂਦਗੀ ਵਿਚ ਮੰਗਲਵਾਰ ਤੋਂ ਇੱਥੇ ਸ਼ੁਰੂ ਹੋਣ ਵਾਲੇ ਸਵਿਸ ਓਪਨ ਬੈਡਮਿੰਟਨ ਟੂਰਨਾਮੈਂਟ ਵਿਚ ਸਾਰਿਆਂ ਦੀਆਂ ਨਜ਼ਰਾਂ ਦੋ ਵਾਰ ਦੀ ਓਲੰਪਿਕ ਮੈਡਲ ਜੇਤੂ ਪੀਵੀ ਸਿੰਧੂ ਤੇ ਵਿਸ਼ਵ ਚੈਂਪੀਅਨਸ਼ਿਪ ਦੇ ਸਿਲਵਰ ਮੈਡਲ ਜੇਤੂ ਕਿਦਾਂਬੀ ਸ਼੍ਰੀਕਾਂਤ 'ਤੇ ਟਿਕੀਆਂ ਰਹਿਣਗੀਆਂ। ਸੇਨ ਨੇ ਲਗਾਤਾਰ ਦੋ ਹਫ਼ਤੇ ਦੇ ਰੁੱਝੇ ਹੋਏ ਪ੍ਰੋਗਰਾਮ ਤੋਂ ਬਾਅਦ ਥਕਾਵਟ ਕਾਰਨ ਸਵਿਸ ਓਪਨ ਤੋਂ ਹਟਣ ਦਾ ਫ਼ੈਸਲਾ ਕੀਤਾ। ਸੇਨ ਨੇ ਪਿਛਲੇ ਦੋ ਹਫ਼ਤੇ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਪਰ ਸਿਖਰਲੀ ਖਿਡਾਰੀ ਸਿੰਧੂ, ਸ਼੍ਰੀਕਾਂਤ ਤੇ ਸਾਇਨਾ ਨੇਹਵਾਲ ਬਰਮਿੰਘਮ ਵਿਚ ਆਲ ਇੰਗਲੈਂਡ ਚੈਂਪੀਅਨਸ਼ਿਪ ਵਿਚ ਕੁਆਰਟਰ ਫਾਈਨਲ ਵਿਚ ਪੁੱਜਣ ਵਿਚ ਵੀ ਨਾਕਾਮ ਰਹੇ। ਇਸ ਹਫ਼ਤੇ ਉਹ ਆਪਣੇ ਪ੍ਰਦਰਸ਼ਨ ਵਿਚ ਸੁਧਾਰ ਕਰਨ ਦੀ ਕੋਸ਼ਿਸ਼ ਕਰਨਗੇ।
ਇਹ ਵੀ ਪੜ੍ਹੋ : ਦਿੱਲੀ ਕੈਪੀਟਲਸ ਦੇ ਕਪਤਾਨ ਰਿਸ਼ਭ ਪੰਤ ਦਾ ਬਿਆਨ- ਅਸੀਂ ਖਿਡਾਰੀਆਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ
ਸਿੰਧੂ ਤੇ ਸਾਇਨਾ ਜਿੱਥੇ ਜਰਮਨ ਓਪਨ ਤੇ ਆਲ ਇੰਗਲੈਂਡ ਚੈਂਪੀਅਨਸ਼ਿਪ ਦੋਵਾਂ ਵਿਚ ਦੂਜੇ ਗੇੜ ਵਿਚ ਹਾਰ ਗਈਆਂ ਸੀ ਉਥੇ ਸ਼੍ਰੀਕਾਂਤ ਜਰਮਨ ਓਪਨ ਦੇ ਆਖ਼ਰੀ-ਅੱਠ ਵਿਚ ਪੁੱਜੇ ਸਨ। ਸਿੰਧੂ ਨੂੰ ਇੱਥੇ ਦੂਜਾ ਦਰਜਾ ਦਿੱਤਾ ਗਿਆ ਹੈ। ਉਹ ਪਹਿਲੇ ਗੇੜ ਵਿਚ ਡੈਨਮਾਰਕ ਦੀ ਵਿਸ਼ਵ ਵਿਚ 32ਵੇਂ ਨੰਬਰ ਦੀ ਖਿਡਾਰਨ ਹੋਜਮਾਰਕ ਕੇ ਜੇਰਸਫੇਲਟ ਨਾਲ ਭਿੜੇਗੀ ਜਦਕਿ ਸਾਇਨਾ ਦਾ ਸਾਹਮਣਾ ਚੀਨ ਦੀ ਸੱਤਵਾਂ ਦਰਜਾ ਹਾਸਲ ਵਾਂਗ ਝੀ ਯੀ ਨਾਲ ਹੋਵੇਗਾ। ਵਿਸ਼ਵ ਚੈਂਪੀਅਨਸ਼ਿਪ ਵਿਚ ਕਾਂਸੇ ਦਾ ਮੈਡਲ ਜਿੱਤਣ ਤੋਂ ਬਾਅਦ ਚੰਗੀ ਲੈਅ ਵਿਚ ਦਿਖ ਰਹੇ ਸ਼੍ਰੀਕਾਂਤ ਦਾ ਸਾਹਮਣਾ ਮਰਦ ਸਿੰਗਲਜ਼ ਦੇ ਪਹਿਲੇ ਮੈਚ ਵਿਚ ਕੁਆਲੀਫਾਇਰ ਨਾਲ ਹੋਵੇਗਾ।
ਟੋਕੀਓ ਓਲੰਪੀਅਨ ਬੀ ਸਾਈ ਪ੍ਰਣੀਤ ਆਪਣੇ ਸ਼ੁਰੂਆਤੀ ਮੈਚ ਵਿਚ ਹਮਵਤਨ ਐੱਚਐੱਸ ਪ੍ਰਣਯ ਨਾਲ ਭਿੜਨਗੇ ਜਦਕਿ ਪੀ ਕਸ਼ਯਪ ਕੁਆਲੀਫਾਇਰ ਖ਼ਿਲਾਫ਼ ਉਤਰਨਗੇ। ਮਹਿਲਾ ਸਿੰਗਲਜ਼ ਵਿਚ ਆਕਰਸ਼ੀ ਕਸ਼ਯਪ ਨੇ ਪਹਿਲੇ ਗੇੜ ਵਿਚ ਜਰਮਨੀ ਦੀ ਯਵੋਨ ਲੀ ਦਾ ਸਾਹਮਣਾ ਕਰਨਾ ਹੈ। ਸਾਤਵਿਕ ਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਤੀਜਾ ਦਰਜਾ ਹਾਸਲ ਮਰਦ ਡਬਲਜ਼ ਜੋੜੀ ਮੁਹੰਮਦ ਸ਼ੋਹੀਬੁਲ ਫਿਕਰੀ ਤੇ ਬਾਗਸ ਮੌਲਾਨਾ ਦੀ ਇੰਡੋਨੇਸ਼ਿਆਈ ਜੋੜੀ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਮਰਦ ਡਬਲਜ਼ ਵਿਚ ਐੱਮ. ਆਰ. ਅਰਜੁਨ ਤੇ ਧਰੁਵ ਕਪਿਲਾ ਤੇ ਕ੍ਰਿਸ਼ਣ ਪ੍ਰਸਾਦ ਗਰਗਾ ਤੇ ਵਿਸ਼ਣੁਵਰਧਨ ਗੌੜ ਪੰਜਾਲਾ ਵੀ ਆਪਣੀ ਚੁਣੌਤੀ ਪੇਸ਼ ਕਰਨਗੇ।
ਮਹਿਲਾ ਡਬਲਜ਼ ਵਿਚ ਆਲ ਇੰਗਲੈਂਡ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿਚ ਥਾਂ ਬਣਾਉਣ ਵਾਲੀ ਤ੍ਰਿਸ਼ਾ ਜੌਲੀ ਤੇ ਗਾਇਤਰੀ ਗੋਪੀਚੰਦ ਪਹਿਲੇ ਗੇੜ ਵਿਚ ਥਾਈਲੈਂਡ ਦੀ ਜੋਂਗਕੋਲਫਾਨ ਕਿਤਿਥਾਰਾਕੁਲ ਤੇ ਰਾਵਿੰਦਾ ਪ੍ਰਰਾਜੋਂਗਜਾਈ ਦੀ ਦੂਜਾ ਦਰਜਾ ਹਾਸਲ ਜੋੜੀ ਨਾਲ ਭਿੜੇਗੀ। ਅਸ਼ਵਿਨ ਪੋਨੱਪਾ ਤੇ ਐੱਨ ਸਿੱਕੀ ਰੈੱਡੀ ਦੀ ਛੇਵਾਂ ਦਰਜਾ ਹਾਸਲ ਜੋੜੀ ਦਾ ਸਾਹਮਣਾ ਸਵਿਟਜ਼ਰਲੈਂਡ ਦੀ ਏਲਾਇਨ ਮੂਲਰ ਤੇ ਜੇਨਜਿਰਾ ਸਟੈਡੇਲਮੈਨ ਨਾਲ ਹੋਵੇਗਾ। ਮਿਕਸਡ ਡਬਲਜ਼ ਵਿਚ ਇਸ਼ਾਨ ਭਟਨਾਗਰ ਤੇ ਤਨੀਸ਼ਾ ਕ੍ਰੈਸਟੋ ਤੇ ਵੈਂਕਟ ਗੌਰਵ ਪ੍ਰਸਾਦ ਤੇ ਜੂਹੀ ਦੇਵਾਂਗਨ ਚੁਣੌਤੀ ਪੇਸ਼ ਕਰਨਗੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।