ਸਵਿਯਾਤੇਕ ਨੇ ਕਤਰ ਓਪਨ ’ਚ ਲਗਾਈ ਖਿਤਾਬੀ ਹੈਟ੍ਰਿਕ
Monday, Feb 19, 2024 - 01:09 PM (IST)
ਦੋਹਾ- ਵਿਸ਼ਵ ਦੀ ਨੰਬਰ-1 ਖਿਡਾਰਨ ਇਗਾ ਸਵਿਯਾਤੇਕ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਕਤਰ ਓਪਨ ਟੈਨਿਸ ਟੂਰਨਾਮੈਂਟ ’ਚ ਲਗਾਤਾਰ ਤੀਸਰਾ ਖਿਤਾਬ ਜਿੱਤਿਆ। ਸਵਿਯਾਤੇਕ ਨੇ ਫਾਈਨਲ ’ਚ ਕਜ਼ਾਕਿਸਤਾਨ ਦੀ ਵਿਸ਼ਵ ਦੀ ਚੌਥੇ ਨੰਬਰ ਦੀ ਖਿਡਾਰਨ ਏਲੇਨਾ ਰਯਬਾਕਿਨਾ ਨੂੰ 7-6 (8), 6-2 ਨਾਲ ਹਰਾਇਆ। ਸਵਿਯਾਤੇਕ ਨੂੰ ਸ਼ੁਰੂ ’ਚ ਲੈਅ ਹਾਸਲ ਕਰਨ ਲਈ ਥੋੜਾ ਸੰਘਰਸ਼ ਕਰਨਾ ਪਿਆ।
ਰਯਬਕਿਨਾ ਪਹਿਲੇ ਸੈੱਟ ’ਚ ਇਕ ਸਮੇਂ 4-1 ਨਾਲ ਅੱਗੇ ਚੱਲ ਰਹੀ ਸੀ। ਸਵਿਯਾਤੇਕ ਨੇ ਹਾਲਾਂਕਿ ਲਗਾਤਾਰ 3 ਅੰਕ ਹਾਸਲ ਕਰ ਕੇ ਸਕੋਰ 4-4 ਨਾਲ ਬਰਾਬਰ ਕਰ ਦਿੱਤਾ। ਰਯਬਕਿਨਾ ਨੇ ਅਗਲੀ ਗੇਮ ’ਚ ਸਵਿਯਾਤੇਕ ਦੀ ਸਰਵਿਸ ਤੋੜੀ ਪਰ ਪੌਲੈਂਡ ਦੀ ਖਿਡਾਰਨ ਨੇ ਤੁਰੰਤ ਹੀ ਬ੍ਰੇਕ ਪੁਆਇੰਟ ਸੈੱਟ ਨੂੰ ਟਾਈਬ੍ਰੇਕਰ ਤੱਕ ਪਹੁੰਚਾ ਦਿੱਤਾ।
90 ਮਿੰਟ ਤੱਕ ਚੱਲੇ ਇਸ ਸੈੱਟ ਨੂੰ ਸਵਿਯਾਤੇਕ ਨੇ ਟਾਈਬ੍ਰੇਕਰ ’ਚ ਜਿੱਤਿਆ ਅਤੇ ਫਿਰ ਦੂਸਰੇ ਸੈੱਟ ’ਚ ਆਸਾਨੀ ਨਾਲ ਜਿੱਤ ਹਾਸਲ ਕੀਤੀ। ਸਵਿਯਾਤੇਕ ਦਾ ਇਹ ਇਸ ਸਾਲ ਦਾ ਪਹਿਲਾ ਅਤੇ ਕਰੀਅਰ ਦਾ ਕੁੱਲ 18ਵਾਂ ਖਿਤਾਬ ਹੈ। ਸੇਰੇਨਾ ਵਿਲੀਅਮਸ ਕਿਸੇ ਡਬਲਯੂ. ਟੀ. ਏ. ਪ੍ਰਤੀਯੋਗਿਤਾ ’ਚ ਲਗਾਤਾਰ 3 ਸਿੰਗਲ ਖਿਤਾਬ ਜਿੱਤਣ ਵਾਲੀ ਆਖਰੀ ਮਹਿਲਾ ਖਿਡਾਰਨ ਸੀ। ਉਸ ਨੇ 2015 ’ਚ ਮਿਆਮੀ ਓਪਨ ’ਚ ਇਹ ਉਪਲੱਬਧੀ ਹਾਸਲ ਕੀਤੀ ਸੀ।