ਸਵਿਤੋਲਿਨਾ ਨੇ ਅਜਾਰੇਂਕਾ ਨੂੰ ਹਰਾਇਆ ਪਰ ਹੱਥ ਨਹੀਂ ਮਿਲਾਇਆ
Wednesday, Aug 02, 2023 - 06:03 PM (IST)
ਸਪੋਰਟਸ ਡੈਸਕ– ਯੂਕ੍ਰੇਨ ਦੀ ਏਲੀਨਾ ਸਵਿਤੋਲਿਨਾ ਨੇ ਡੀ. ਸੀ. ਓਪਨ ਟੈਨਿਸ ਟੂਰਨਾਮੈਂਟ ’ਚ ਬੇਲਾਰੂਸ ਦੀ ਵਿਕਟੋਰੀਆ ਅਜਾਰੇਂਕਾ ਨੂੰ ਸਿੱਧੇ ਸੈੱਟਾਂ ’ਚ ਹਰਾਉਣ ਤੋਂ ਬਾਅਦ ਆਪਣੀ ਇਸ ਵਿਰੋਧੀ ਨਾਲ ਹੱਥ ਨਹੀਂ ਮਿਲਾਇਆ। ਸਵਿਤੋਲਿਨਾ ਨੇ ਖੇਡੇ ਗਏ ਪਹਿਲੇ ਦੌਰ ਦੇ ਇਸ ਮੈਚ ’ਚ 7-6 (2), 6-4 ਨਾਲ ਜਿੱਤ ਦਰਜ ਕੀਤੀ। ਯੂਕ੍ਰੇਨ ’ਚ ਜੰਗ ਦੌਰਾਨ ਸਵਿਤੋਲਿਨਾ ਤੇ ਉਸਦੇ ਦੇਸ਼ ਦੇ ਖਿਡਾਰੀਆਂ ਨੇ ਰੂਸ ਤੇ ਬੇਲਾਰੂਸ ਦੇ ਆਪਣੇ ਵਿਰੋਧੀਆਂ ਨਾਲ ਹੱਥ ਮਿਲਾਉਣ ਤੋਂ ਪ੍ਰਹੇਜ ਕੀਤਾ ਹੈ।
ਰੂਸ ਨੇ ਫਰਵਰੀ 2022 ’ਚ ਬੇਲਾਰੂਸ ਦੀ ਮਦਦ ’ਚ ਯੂਕ੍ਰੇਨ ’ਤੇ ਹਮਲਾ ਕੀਤਾ ਸੀ ਤੇ ਇਹ ਜੰਗ ਅਜੇ ਵੀ ਜਾਰੀ ਹੈ। ਸਵਿਤੋਲਿਨਾ ਤੇ ਅਜਾਰੇਂਕਾ ਵਿਚਾਲੇ ਮੈਚ ਤੋਂ ਪਹਿਲਾਂ ਹੀ ਦਰਸ਼ਕਾਂ ਨੂੰ ਦੱਸ ਦਿੱਤਾ ਗਿਆ ਸੀ ਕਿ ਦੋਵੇਂ ਖਿਡਾਰਨਾਂ ਮੈਚ ਤੋਂ ਬਾਅਦ ਇਕ-ਦੂਜੇ ਨਾਲ ਹੱਥ ਨਹੀਂ ਮਿਲਾਉਣਗੀਆਂ। ਟੈਨਿਸ ’ਚ ਮੈਚ ਖਤਮ ਹੋਣ ਤੋਂ ਬਾਅਦ ਖਿਡਾਰੀ ਆਪਸ ’ਚ ਹੱਥ ਮਿਲਾਉਂਦੇ ਹਨ ਪਰ ਸਵਿਤੋਲਿਨਾ ਤੇ ਅਜਾਰੇਂਕਾ ਨੇ ਸਿਰਫ ਚੇਅਰ ਅੰਪਾਇਰ ਨਾਲ ਹੱਥ ਮਿਲਾਇਆ। ਸਵਿਤੋਲਿਨਾ ਦੇ ਇਸ ਕਦਮ ’ਚ ਕੁਝ ਦਰਸ਼ਕਾਂ ਨੇ ਵੀ ਸ਼ਲਾਘਾ ਕੀਤੀ।