ਸਾਬਕਾ ਹਾਕੀ ਕਪਤਾਨ ਸੂਰਜ ਲਤਾ ਨੇ ਪਤੀ ਵਿਰੁੱਧ ਘਰੇਲੂ ਹਿੰਸਾ ਦੀ ਕਰਵਾਈ ਸ਼ਿਕਾਇਤ ਦਰਜ
Friday, Feb 21, 2020 - 01:27 AM (IST)

ਇੰਫਾਲ- ਭਾਰਤੀ ਮਹਿਲਾ ਹਾਕੀ ਟੀਮ ਦੀ ਸਾਬਕਾ ਕਪਤਾਨ ਬਾਈਖੋਮ ਸੂਰਜ ਲਤਾ ਦੇਵੀ ਨੇ ਪਤੀ ਵਿਰੁੱਧ ਘਰੇਲੂ ਹਿੰਸਾ, ਸਰੀਰਕ ਤੇ ਮਾਨਸਿਕ ਸ਼ੋਸ਼ਣ ਦੀ ਸ਼ਿਕਾਇਤ ਦਰਜ ਕਰਵਾਈ ਹੈ। ਇੱਥੇ ਬੁੱਧਵਾਰ ਨੂੰ ਇਕ ਪ੍ਰੈੱਸ ਕਾਨਫਰੰਸ ਵਿਚ ਸੂਰਜ ਲਤਾ ਨੇ ਕਿਹਾ ਕਿ 2005 ਵਿਚ ਵਿਆਹ ਤੋਂ ਬਾਅਦ ਦਾਜ ਲਈ ਪਤੀ ਲਗਾਤਾਰ ਤੰਗ-ਪ੍ਰੇਸ਼ਾਨ ਕਰ ਰਿਹਾ ਹੈ। ਸੂਰਜ ਲਤਾ ਦੇਵੀ ਦੀ ਕਪਤਾਨੀ ਵਿਚ ਭਾਰਤੀ ਮਹਿਲਾ ਹਾਕੀ ਟੀਮ ਨੇ 2002 ਰਾਸ਼ਟਰਮੰਡਲ ਖੇਡਾਂ, 2003 ਐਫ੍ਰੋ ਏਸ਼ੀਆਈ ਖੇਡਾਂ ਤੇ 2004 ਹਾਕੀ ਏਸ਼ੀਆ ਕੱਪ ਵਿਚ ਸੋਨ ਤਮਗਾ ਜਿੱਤਿਆ। ਉਸ ਨੇ ਕਿਹਾ, ''ਮੈਂ ਵਿਆਹ ਤੋਂ ਬਾਅਦ ਆਪਣੇ ਤਮਗੇ ਤੇ ਫੋਟੋਆਂ ਲੈ ਕੇ ਆਈ ਤਾਂ ਮੇਰੇ ਪਤੀ ਸ਼ਾਂਤਾ ਸਿੰਘ ਨੇ ਤਾਅਨਾ ਮਾਰਿਆ ਕਿ ਇਸਦਾ ਕੀ ਫਾਇਦਾ। ਉਸ ਨੇ ਅਨੈਤਿਕ ਆਚਰਣ ਦੇ ਕਾਰਣ ਅਰਜੁਨ ਐਵਾਰਡ ਜਿੱਤਣ ਦਾ ਵੀ ਦੋਸ਼ ਲਾਇਆ।'' 2 ਬੱਚਿਆਂ ਦੀ ਮਾਂ ਸੂਰਜ ਲਤਾ ਨੇ ਕਿਹਾ ਕਿ ਨਵੰਬਰ 2019 ਵਿਚ ਕਪੂਰਥਲਾ ਵਿਚ ਨਸ਼ੇ ਵਿਚ ਧੁਤ ਹੋ ਕੇ ਜਦੋਂ ਉਸਦੇ ਪਤੀ ਨੇ ਕਥਿਤ ਤੌਰ 'ਤੇ ਉਸ ਨੂੰ ਕੁੱਟਿਆ ਤਾਂ ਉਸਨੇ ਸ਼ਿਕਾਇਤ ਦਰਜ ਕਰਵਾਉਣ ਦਾ ਫੈਸਲਾ ਲਿਆ। ਸੂਰਜ ਲਤਾ ਉਥੇ ਰੇਲ ਕੋਚ ਫੈਕਟਰੀ ਵਲੋਂ ਆਯੋਜਿਤ ਟੂਰਨਾਮੈਂਟ ਵਿਚ ਮੈਚ ਅਧਿਕਾਰੀ ਸੀ।