ਓਮਾਨ ਦੀ ਕ੍ਰਿਕਟ ਟੀਮ ''ਚ ਚਮਕਿਆ ਜਲੰਧਰ ਦਾ ''ਸੂਰਜ''

Wednesday, Aug 22, 2018 - 04:58 PM (IST)

ਨਵੀਂ ਦਿੱਲੀ— ਜਲੰਧਰ ਦੇ ਕੋਟ ਰਾਮਦਾਸ ਮੁਹੱਲੇ ਦੇ ਰਹਿਣ ਵਾਲੇ ਸੂਰਜ ਕੁਮਾਰ ਦੀ ਓਮਾਨ ਦੇਸ਼ ਦੀ ਕ੍ਰਿਕਟ ਟੀਮ 'ਚ ਚੋਣ ਹੋਣ ਕਾਰਨ ਉਸ ਦੇ ਪਰਿਵਾਰ ਦੇ ਪੈਰ ਧਰਤੀ 'ਤੇ ਨਹੀਂ ਲੱਗ ਰਹੇ। 28 ਸਾਲ ਸੂਰਜ 27 ਅਗਸਤ ਨੂੰ ਮਲੇਸ਼ੀਆ ਦੀ ਮੇਜ਼ਬਾਨੀ 'ਚ ਹੋਣ ਵਾਲੇ ਕ੍ਰਿਕਟ ਮੁਕਾਬਲਿਆਂ 'ਚ ਹਿੱਸਾ ਲਵੇਗਾ। ਉਹ 15 ਅਗਸਤ ਤੋਂ ਸ਼੍ਰੀਲੰਕਾ 'ਚ ਅਭਿਆਸ ਮੈਚ ਖੇਡ ਰਿਹਾ ਹੈ। ਸੂਰਜ ਦੇ ਪਿਤਾ ਕੇਹਰ ਸਿੰਘ, ਮਾਤਾ ਸ਼ਕੁੰਤਲਾ ਦੇਵੀ ਅਤੇ ਭਰਾ ਸੰਨੀ ਬੜੇ ਚਾਅ ਨਾਲ ਉਸਦੀਆਂ ਦੱਸਦੇ ਨਹੀਂ ਥੱਕਦੇ। ਕੇਹਰ ਸਿੰਘ ਨੇ ਦੱਸਿਆ ਕਿ ਉਸ ਨੇ ਦਸ ਸਾਲ ਦੀ ਉਮਰ ਤੋਂ ਕ੍ਰਿਕਟ ਖੇਡਣੀ ਸ਼ੁਰੂ ਕਰ ਦਿੱਤੀ ਸੀ। ਇੱਥੋਂ ਦੇ ਬਰਲਟਨ ਪਾਰਕ 'ਚ ਖੇਡਦਿਆਂ ਉਸ ਦੀ ਚੋਣ ਦਿੱਲੀ ਦੇ ਐਸਬੀ ਯੂਥ ਕਲੱਬ ਲਈ ਹੋਈ ਸੀ। 2012 'ਚ ਸੀ.ਸੀ.ਐੱਫ.ਸੀ. ਕਲੱਬ ਕੋਲਕਾਤਾ ਦਾ ਕੋਚ ਉਸ ਨੂੰ ਆਪਣੇ ਨਾਲ ਲੈ ਗਿਆ।

ਸੂਰਜ ਦਾ ਪਰਿਵਾਰ ਕੋਟ ਰਾਮਦਾਸ 'ਚ 1971 ਤੋਂ ਕਿਰਾਏ 'ਤੇ ਇਕ ਹੀ ਕਮਰੇ 'ਚ ਰਹਿ ਰਿਹਾ ਹੈ। ਨੇਪਾਲੀ ਮੂਲ ਦੇ ਇਸ ਪਰਿਵਾਰ ਦਾ ਪੱਕਾ ਟਿਕਾਣਾ ਹੁਣ ਜਲੰਧਰ ਹੀ ਹੈ। ਸੰਨੀ ਨੇ ਦੱਸਿਆ ਕਿ ਸੂਰਜ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਪਾਵਰਕੌਮ ਪਟਿਆਲਾ ਅਤੇ ਹੋਰ ਕਈ ਕੱਲਬਾਂ ਲਈ ਖੇਡਦਾ ਰਿਹਾ ਹੈ। ਕੋਚ ਸਰਬਜੀਤ ਸਿੰਘ ਰੋਜੀ ਨੇ 2015 'ਚ ਉਸ ਨੂੰ ਓਮਾਨ ਭੇਜ ਦਿੱਤਾ। ਆਪਣੀ ਸਖਤ ਮਿਹਨਤ ਕਾਰਨ ਸੂਰਜ ਓਮਾਨ ਦੀ ਘੇਰਲੂ ਟੀਮ ਦਾ ਕੈਪਟਨ ਵੀ ਰਿਹਾ। ਕੋਟ ਰਾਮਦਾਸ ਦੀ ਸੱਚਘਰ ਕਮੇਟੀ ਦੇ ਸੇਵਾਦਾਰ ਤੇ ਸਮਾਜ ਸੇਵੀ ਪ੍ਰਵੀਨ ਪਹਿਲਵਾਨ ਅਤੇ ਰਾਜ ਅਬਾਦੀ ਨੇ ਪਰਿਵਾਰ ਦਾ ਮੂੰਹ ਮਿੱਠਾ ਕਰਵਾਉਂਦਿਆਂ ਕੇਂਦਰ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਗਰੀਬ ਪਰਿਵਾਰ ਦੀ ਬਾਂਹ ਫੜੇ।
 


Related News