ਫਾਜ਼ਿਲਕਾ ਦੀ ਅਨਾਜ ਮੰਡੀ ''ਚ ਪੁੱਜੀ ਕੇਂਦਰੀ ਟੀਮ, ਕਣਕ ਦੀ ਨੁਕਸਾਨੀ ਫ਼ਸਲ ਦਾ ਲਿਆ ਜਾਇਜ਼ਾ
Tuesday, Apr 14, 2026 - 05:22 PM (IST)
ਫਾਜ਼ਿਲਕਾ : ਫਾਜ਼ਿਲਕਾ ਇਲਾਕੇ 'ਚ ਹੋਈ ਬੇਮੌਸਮੀ ਬਾਰਸ਼ ਅਤੇ ਗੜ੍ਹੇਮਾਰੀ ਕਾਰਨ ਕਣਕ ਦੀ ਫ਼ਸਲ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਕੇਂਦਰੀ ਟੀਮ ਫਾਜ਼ਿਲਕਾ ਦੀ ਅਨਾਜ ਮੰਡੀ ਪਹੁੰਚੀ। ਕੇਂਦਰੀ ਟੀਮ ਦੇ ਅਧਿਕਾਰੀਆਂ ਨੇ ਮੰਡੀ 'ਚ ਪਹੁੰਚ ਕੇ ਕਣਕ ਦੇ ਢੇਰਾਂ ਤੋਂ ਵੱਖ-ਵੱਖ ਨਮੂਨੇ ਲਏ ਹਨ ਅਤੇ ਇਨ੍ਹਾਂ ਦੀ ਜਾਂਚ ਲਈ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਫਾਜ਼ਿਲਕਾ ਮੰਡੀ ਵਿੱਚੋਂ ਕੁੱਲ ਪੰਜ ਨਮੂਨੇ ਲਏ ਗਏ ਹਨ, ਜਿਨ੍ਹਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਰਕਾਰੀ ਖ਼ਰੀਦ ਸ਼ੁਰੂ ਹੋ ਸਕੇਗੀ। ਟੀਮ ਦੇ ਅਧਿਕਾਰੀ ਅਭਿਸ਼ੇਕ ਪਾਂਡੇ ਨੇ ਦੱਸਿਆ ਕਿ ਪਿਛਲੇ ਦਿਨੀਂ ਹੋਈ ਬਾਰਸ਼ ਅਤੇ ਗੜ੍ਹੇਮਾਰੀ ਕਾਰਨ ਫ਼ਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ, ਜਿਸ ਦੀ ਰਿਪੋਰਟ ਕੇਂਦਰ ਸਰਕਾਰ ਨੂੰ ਭੇਜੀ ਜਾਵੇਗੀ।
ਉਨ੍ਹਾਂ ਅਨੁਸਾਰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚੋਂ ਨਮੂਨੇ ਲਏ ਜਾ ਰਹੇ ਹਨ, ਪਰ ਸਭ ਤੋਂ ਵੱਧ ਪ੍ਰਭਾਵ ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਅਤੇ ਫਾਜ਼ਿਲਕਾ 'ਚ ਦੇਖਣ ਨੂੰ ਮਿਲਿਆ ਹੈ। ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਨਮੂਨਿਆਂ ਦੀ ਜਾਂਚ ਜਲਦੀ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਖ਼ਰੀਦ ਪ੍ਰਕਿਰਿਆ ਸ਼ੁਰੂ ਹੋ ਸਕੇ। ਖ਼ਰੀਦ ਏਜੰਸੀਆਂ ਦਾ ਕਹਿਣਾ ਹੈ ਕਿ ਬੇਮੌਸਮੀ ਬਾਰਿਸ਼ ਕਾਰਨ ਫ਼ਸਲ ਖੇਤਾਂ 'ਚ ਵਿਛ ਗਈ ਸੀ, ਜਿਸ ਕਾਰਨ ਕਣਕ ਦਾ ਦਾਣਾ ਕਾਲਾ ਪੈ ਗਿਆ ਹੈ ਅਤੇ ਦਾਣੇ 'ਚ ਟੁੱਟ-ਭੱਜ ਵੀ ਜ਼ਿਆਦਾ ਹੈ। ਇਸ ਸਥਿਤੀ ਨੂੰ ਦੇਖਦੇ ਹੋਏ ਕਿਸਾਨਾਂ ਅਤੇ ਏਜੰਸੀਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਸਰਕਾਰੀ ਖ਼ਰੀਦ ਦੇ ਨਿਯਮਾਂ 'ਚ ਢਿੱਲ ਦਿੱਤੀ ਜਾਵੇ ਤਾਂ ਜੋ ਕਣਕ ਦੀ ਫ਼ਸਲ ਸਮੇਂ ਸਿਰ ਖ਼ਰੀਦੀ ਜਾ ਸਕੇ। ਹੁਣ ਸਭ ਦੀਆਂ ਨਜ਼ਰਾਂ ਕੇਂਦਰੀ ਟੀਮ ਦੀ ਆਉਣ ਵਾਲੀ ਰਿਪੋਰਟ 'ਤੇ ਟਿਕੀਆਂ ਹੋਈਆਂ ਹਨ।
