ਸਨਵੇ ਸਿਟਜਸ ਇੰਟਰਨੈਸ਼ਨਲ ਸ਼ਤਰੰਜ ਟੂਰਨਾਮੈਂਟ : ਅਭਿਮਨਿਊ ਪਹੁੰਚਿਆ ਤੀਜੇ ਸਥਾਨ ''ਤੇ
Monday, Dec 23, 2019 - 01:11 AM (IST)

ਸਿਟਜਸ (ਸਪੇਨ) (ਨਿਕਲੇਸ਼ ਜੈਨ)— ਸਨਵੇ ਸਿਟਜਸ ਇੰਟਰਨੈਸ਼ਨਲ ਸ਼ਤਰੰਜ ਵਿਚ ਭਾਰਤ ਦੇ ਅਭਿਮਨਿਊ ਪੌਰਾਣਿਕ ਨੇ ਪ੍ਰਤੀਯੋਗਿਤਾ ਦੇ 9ਵੇਂ ਰਾਊਂਡ ਵਿਚ ਹਮਵਤਨ ਐੱਸ. ਐੱਲ. ਨਾਰਾਇਣਾ ਨੂੰ ਹਰਾਉਂਦਿਆਂ ਤੀਜੇ ਸਥਾਨ 'ਤੇ ਜਗ੍ਹਾ ਬਣਾ ਲਈ ਹੈ। ਇੰਗਲਿਸ਼ ਓਪਨਿੰਗ ਵਿਚ ਹੋਏ ਇਸ ਮੁਕਾਬਲੇ ਵਿਚ ਸਫੈਦ ਮੋਹਰਿਆਂ ਨਾਲ ਖੇਡਦੇ ਹੋਏ ਉਸ ਨੇ 41 ਚਾਲਾਂ ਵਿਚ ਜਿੱਤ ਦਰਜ ਕੀਤੀ। 9ਵੇਂ ਰਾਊਂਡ ਦੇ ਹੋਰਨਾਂ ਵਿਚ ਭਾਰਤ ਦੇ ਨਿਹਾਲ ਸਰੀਨ ਨੇ ਜਰਮਨੀ ਦੇ ਡੇਨਿਸ ਵੈਗਨਰ ਨਾਲ ਡਰਾਅ ਖੇਡਿਆ ਤੇ ਅਰਜੁਨ ਐਰਗਾਸੀ ਨੇ ਹਵਮਤਨ ਮੁਰਲੀ ਕਾਰਤੀਕੇਅਨ ਨਾਲ ਮੁਕਾਬਲਾ ਬਰਾਬਰੀ 'ਤੇ ਰੱਖਿਆ। ਗੁਕੇਸ਼ ਡੀ. ਨੂੰ ਜਰਮਨੀ ਦੇ ਰੂਸਮੁਸ ਸਵਾਨੇ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।
ਰਾਊਂਡ 9 ਤੋਂ ਬਾਅਦ ਯੂਕ੍ਰੇਨ ਦੇ ਅੰਟੋਨ ਕੋਰੋਬੋਵ ਖਿਤਾਬ ਜਿੱਤਣ ਦੇ ਬੇਹੱਦ ਨੇੜੇ ਪਹੁੰਚ ਗਿਆ ਹੈ। ਉਸ ਨੇ ਅਮਰੀਕਾ ਦੇ ਲਿਆਂਗ ਅਵੋਂਡਰ ਨੂੰ ਹਰਾਉਂਦਿਆਂ 8 ਅੰਕਾਂ ਨਾਲ ਮਜ਼ਬੂਤ ਬੜ੍ਹਤ ਹਾਸਲ ਕਰ ਲਈ ਹੈ। ਉਸ ਤੋਂ ਬਾਅਦ ਅਜ਼ਰਬੈਜਾਨ ਦੇ ਵਾਸਿਫ ਦੁਰਯਾਬਲੀ 7.5 ਅੰਕਾਂ ਨਾਲ ਦੂਜੇ ਸਥਾਨ 'ਤੇ ਹੈ ਤੇ ਭਾਰਤ ਦਾ ਅਭਿਮਨਿਊ ਪੌਰਾਣਿਕ 7 ਅੰਕ ਬਣਾ ਕੇ ਟਾਈਬ੍ਰੇਕ ਵਿਚ ਤੀਜੇ ਸਥਾਨ 'ਤੇ ਹੈ।