ਸਨਰਾਈਜ਼ਰਜ਼ ਈਸਟਰਨ ਕੇਪ ਨੇ ਲਗਾਤਾਰ ਦੂਜੀ ਵਾਰ ਜਿੱਤਿਆ ਐੱਸ. ਏ.-20 ਖਿਤਾਬ

02/11/2024 6:51:14 PM

ਕੇਪਟਾਊਨ, (ਭਾਸ਼ਾ)– ਮਾਰਕੋ ਜਾਨਸੇਨ ਦੀਆਂ 5 ਵਿਕਟਾਂ ’ਤੇ ਦਮ ’ਤੇ ਸਨਰਾਈਜ਼ਰਜ਼ ਈਸਟਰਨ ਕੇਪ ਨੇ ਡਰਬਨ ਸੁਪਰ ਜਾਇੰਟਸ ਨੂੰ 89 ਦੌੜਾਂ ਨਾਲ ਹਰਾ ਕੇ ਲਗਾਤਾਰ ਦੂਜੀ ਵਾਰ ਐੱਸ. ਏ. 20 (ਦੱਖਣੀ ਅਫਰੀਕਾ 20) ਖਿਤਾਬ ਆਪਣੇ ਨਾਂ ਕਰ ਲਿਆ। ਲੀਗ ਦੇ ਪਹਿਲੇ ਸੈਸ਼ਨ ਵਿਚ ਵੀ ਸਨਰਾਈਜ਼ਰਜ਼ ਜੇਤੂ ਰਿਹਾ ਸੀ।

ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸਨਰਾਈਜ਼ਰਜ਼ ਨੇ 20 ਓਵਰਾਂ ਵਿਚ 3 ਵਿਕਟਾਂ ’ਤੇ 204 ਦੌੜਾਂ ਬਣਾਈਆਂ। ਜਵਾਬ ਵਿਚ ਡਰਬਨ ਟੀਮ ਇਸ ਮੈਚ ਵਿਚ 17 ਓਵਰਾਂ ਵਿਚ 115 ਦੌੜਾਂ ’ਤੇ ਆਊਟ ਹੋ ਗਈ। ਤੇਜ਼ ਗੇਂਦਬਾਜ਼ ਜਾਨਸੇਨ ਨੇ 4 ਓਵਰਾਂ ਵਿਚ 30 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਉਸ ਨੇ ਲੀਗ ਵਿਚ ਸਭ ਤੋਂ ਵੱਧ 20 ਵਿਕਟਾਂ ਆਪਣੇ ਨਾਂ ਕੀਤੀਆਂ।

ਖਚਾਖਚ ਭਰੇ ਨਿਊਲੈਂਡਸ ਸਟੇਡੀਅਮ ’ਤੇ ਪਹਿਲਾਂ ਸਨਰਾਈਜ਼ਰਜ਼ ਦੇ ਬੱਲੇਬਾਜ਼ਾਂ ਨੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਕਪਤਾਨ ਐਡਮ ਮਾਰਕ੍ਰਮ ਨੇ 26 ਗੇਂਦਾਂ ਵਿਚ 3 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 42 ਦੌੜਾਂ ਬਣਾਈਆਂ। ਉੱਥੇ ਹੀ, ਪਲੇਅਰ ਆਫ ਦਿ ਮੈਚ ਬਣੇ ਟਾਮ ਏਬੇਲ ਨੇ 34 ਗੇਂਦਾਂ ਵਿਚ 55 ਦੌੜਾਂ ਦਾ ਯੋਗਦਾਨ ਦਿੱਤਾ, ਜਿਸ ਵਿਚ 8 ਚੌਕੇ ਤੇ 2 ਛੱਕੇ ਸ਼ਾਮਲ ਸਨ। ਟ੍ਰਿਸਟਨ ਸਟੱਬਸ ਨੇ 56 ਦੌੜਾਂ ਬਣਾਈਆਂ, ਜਿਸ ਨੇ 30 ਗੇਂਦਾਂ ਦੀ ਆਪਣੀ ਪਾਰੀ ਵਿਚ 4 ਚੌਕੇ ਤੇ 3 ਛੱਕੇ ਲਾਏ।

ਡਰਬਨ ਲਈ ਕਪਤਾਨ ਤੇ ਖੱਬੇ ਹੱਥ ਦੇ ਸਪਿਨਰ ਕੇਸ਼ਵ ਮਹਾਰਾਜ ਨੇ 4 ਓਵਰਾਂ ਵਿਚ 33 ਦੌੜਾਂ ਦੇ ਕੇ 2 ਵਿਕਟਾਂ ਲਈਆਂ ਪਰ ਉਸ ਤੋਂ ਇਲਾਵਾ ਬਾਕੀ ਗੇਂਦਬਾਜ਼ੀ ਵਿਕਟਾਂ ਲਈ ਤਰਸਦੇ ਰਹੇ। ਸਨਰਾਈਜ਼ਰਜ਼ ਦੇ ਸਲਾਮੀ ਬੱਲੇਬਾਜ਼ ਜੌਰਡਨ ਹਰਨਾਨ (26 ਗੇਂਦਾਂ ’ਚ 42 ਦੌੜਾਂ) ਤੇ ਐਬੇਲ ਨੇ ਦੂਜੀ ਵਿਕਟ ਲਈ 90 ਦੌੜਾਂ ਦੀ ਸਾਂਝੇਦਾਰੀ ਕੀਤੀ।

ਵੱਡੇ ਟੀਚੇ ਦੇ ਜਵਾਬ ਵਿਚ ਡਰਬਨ ਦੀ ਸ਼ੁਰੂਆਤ ਹੀ ਬਹੁਤ ਖਰਾਬ ਰਹੀ ਤੇ ਉਸਦੇ ਤਿੰਨ ਬੱਲੇਬਾਜ਼ ਚੌਥੇ ਓਵਰ ਵਿਚ ਪੈਵੇਲੀਅਨ ਪਰਤ ਚੁੱਕੇ ਸਨ ਜਦੋਂ ਸਕੋਰ ਬੋਰਡ ’ਤੇ 7 ਹੀ ਦੌੜਾਂ ਸੀ। ਕਵਿੰਟਨ ਡੀ ਕੌਕ (3) ਨੂੰ ਤੀਜੇ ਓਵਰਾਂ ਵਿਚ ਡੇਨੀਅਲ ਵਾਰੇਲ ਨੇ ਪੈਵੇਲੀਅਨ ਭੇਜਿਆ ਜਦਕਿ ਮੈਥਿਊ ਬ੍ਰੀਜਕੇ 18 ਦੌੜਾਂ ਬਣਾ ਕੇ ਓਟੀਨੇਲ ਬਾਰਟਮੈਨ ਦਾ ਸ਼ਿਕਾਰ ਬਣੇ। ਜੇਜੇ ਸਮਟਸ ਨੂੰ ਜਾਨਸੇਨ ਨੇ ਆਊਟ ਕੀਤਾ। ਡਰਬਨ ਲਈ ਵਿਆਨ ਮੂਲਡਰ (38), ਡਵੇਨ ਪ੍ਰਿਟੋਰੀਅਸ (28) ਤੇ ਜੂਨੀਅਰ ਡਾਲਾ (15) ਨੂੰ ਛੱਡ ਕੇ ਕੋਈ ਬੱਲੇਬਾਜ਼ ਦੋਹਰੇ ਅੰਕ ਵਿਚ ਨਹੀਂ ਪਹੁੰਚ ਸਕਿਆ।


Tarsem Singh

Content Editor

Related News