ਛੇਤਰੀ ਨੇ ਬੈਂਗਲੁਰੂ ਐੱਫ. ਸੀ. ਨਾਲ ਕਰਾਰ ਦੋ ਸਾਲ ਲਈ ਵਧਾਇਆ
Monday, Jun 21, 2021 - 06:00 PM (IST)
ਬੈਂਗਲੁਰੂ— ਭਾਰਤੀ ਫ਼ੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਨੇ ਬੈਂਗਲੁਰੂ ਐੱਫ਼. ਸੀ. ਨਾਲ ਆਪਣਾ ਕਰਾਰ ਵਧਾ ਦਿੱਤਾ ਹੈ ਤੇ ਉਹ ਇੰਡੀਅਨ ਸੁਪਰ ਲੀਗ (ਆਈ. ਐੱਲ. ਐੱਲ.) ਦੀ ਇਸ ਟੀਮ ਵੱਲੋਂ ਦੋ ਸਾਲਾਂ ਤਕ ਖੇਡਣਗੇ। ਉਹ ਇੰਡੀਅਨ ਸੁਪਰ ਲੀਗ (ਆਈ. ਐੱਸ. ਐੱਲ.) ਦੀ ਟੀਮ ਦੇ ਨਾਲ 2023 ਤਕ ਬਣੇ ਰਹਿਣਗੇ। ਛੇਤਰੀ 2013 ’ਚ ਬੈਂਗਲੁਰੂ ਨਾਲ ਜੁੜੇ ਸਨ ਤੇ ਨਵੇਂ ਕਰਾਰ ਦੇ ਬਾਅਦ ਉਹ ਕਲੱਬ ਦੇ ਨਾਲ 10ਵੇਂ ਸੈਸ਼ਨ ਤਕ ਜੁੜੇ ਰਹਿਣਗੇ।
ਇਸ ਫ਼ੁੱਟਬਾਲਰ ਨੇ ਅਜੇ ਤਕ ਕਲੱਬ ਵੱਲੋਂ ਅੱਠ ਸੈਸ਼ਨਾਂ ’ਚ 203 ਮੈਚ ਖੇਡੇ ਹਨ ਜਿਸ ’ਚ ਉਨ੍ਹਾਂ ਨੇ 101 ਗੋਲ ਕੀਤੇ ਹਨ। ਇਹ 36 ਸਾਲਾ ਖਿਡਾਰੀ 2013 ’ਚ ਕਲੱਬ ਦੀ ਸਥਾਪਨਾ ਦੇ ਬਾਅਦ ਤੋਂ ਹੀ ਉਸ ਦੀ ਅਗਵਾਈ ਕਰ ਰਿਹਾ ਹੈ ਤੇ ਉਨ੍ਹਾਂ ਨੇ ਸਾਰੇ ਅੱਠ ਸੈਸ਼ਨਾਂ ’ਚ ਬੈਂਗਲੁਰੂ ਲਈ ਸਭ ਤੋਂ ਜ਼ਿਆਦਾ ਗੋਲ ਕੀਤੇ। ਛੇਤਰੀ ਨੇ ਕਿਹਾ, ‘‘ਮੈਂ ਬੈਂਗਲੁਰੂ ਐੱਫ. ਸੀ. ਨਾਲ ਦੋ ਹੋਰ ਸਾਲਾਂ ਲਈ ਕਰਾਰ ਵਧਾ ਕੇ ਅਸਲ ’ਚ ਬਹੁਤ ਖ਼ੁਸ਼ ਹਾਂ। ਇਹ ਸ਼ਹਿਰ ਹੁਣ ਮੇਰੇ ਲਈ ਘਰ ਦੀ ਤਰ੍ਹਾਂ ਹੈ ਤੇ ਇਸ ਕਲੱਬ ਦੇ ਮੈਂਬਰ ਮੇਰੇ ਲਈ ਪਰਿਵਾਰ ਦੀ ਤਰ੍ਹਾਂ ਹੈ। ਅਜਿਹਾ ਲਗਦਾ ਹੈ ਜਿਵੇਂ ਮੈਂ ਹੀ ਪਹਿਲੀ ਵਾਰ ਕਲੱਬ ਦੇ ਨਾਲ ਕਰਾਰ ਕੀਤਾ ਹੋਵੇ ਤੇ ਅਜੇ ਤਕ ਦਾ ਸਫ਼ਰ ਖ਼ੂਬਸੂਰਤ ਰਿਹਾ ਹੈ।’’