Tokyo Olympics : ਟੈਨਿਸ ’ਚ ਭਾਰਤੀ ਚੁਣੌਤੀ ਖ਼ਤਮ, ਵਰਲਡ ਨੰਬਰ-2 ਮੇਦਵੇਦੇਵ ਤੋਂ ਹਾਰੇ ਸੁਮਿਤ ਨਾਗਲ
Monday, Jul 26, 2021 - 04:31 PM (IST)
ਟੋਕੀਓ– ਭਾਰਤ ਦੇ ਸੁਮਿਤ ਨਾਗਲ ਪੁਰਸ਼ ਸਿੰਗਲ ਦੇ ਦੂਜੇ ਦੌਰ ’ਚ ਰੂਸ ਦੇ ਓਲੰਪਿਕ ਕਮੇਟੀ (ਆਰ. ਓ. ਸੀ.) ਦੇ ਦੁਨੀਆ ਦੇ ਦੂਜੇ ਨੰਬਰ ਦੇ ਖਿਡਾਰੀ ਦਾਨਿਲ ਮੇਦਵੇਦੇਵ ਖ਼ਿਲਾਫ਼ ਸਿੱਧੇ ਸੈੱਟਾਂ ’ਚ ਸ਼ਿਕਸਤ ਦੇ ਨਾਲ ਟੋਕੀਓ ਓਲੰਪਿਕ ਤੋਂ ਬਾਹਰ ਹੋ ਗਏ ਜਿਸ ਨਾਲ ਟੈਨਿਸ ’ਚ ਭਾਰਤੀ ਚੁਣੌਤੀ ਖ਼ਤਮ ਹੋ ਗਈ। ਦੁਨੀਆ ਦੇ 160ਵੇਂ ਨੰਬਰ ਦੇ ਖਿਡਾਰੀ ਨਾਗਲ ਨੂੰ ਦੂਜਾ ਦਰਜਾ ਪ੍ਰਾਪਤ ਮੇਦਵੇਦੇਵ ਖ਼ਿਲਾਫ਼ ਇਕ ਘੰਟਾ ਤੇ 6 ਮਿੰਟ ਤਕ ਚਲੇ ਮੁਕਾਬਲੇ ’ਚ 2-6, 1-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਮੇਦਵੇਦੇਵ ਨੇ ਪਹਿਲੇ ਸੈੱਟ ’ਚ ਦੋ ਜਦਕਿ ਦੂਜੇ ਸੈਟ ’ਚ ਤਿੰਨ ਵਾਰ ਨਾਗਲ ਦੀ ਸਰਵਿਸ ਤੋੜੀ। ਨਾਗਲ ਪਹਿਲੇ ਦੌਰ ’ਚ ਉਜ਼ਬੇਕਿਸਤਾਨ ਦੇ ਡੇਨਿਸ ਇਸਤੋਮਿਨ ਨੂੰ 6-4, 6-7, 6-4 ਨਾਲ ਹਰਾ ਕੇ ਓਲੰਪਿਕ ’ਚ 25 ਸਾਲ ’ਚ ਪੁਰਸ਼ ਸਿੰਗਲ ਮੁਕਾਬਲੇ ’ਚ ਜਿੱਤ ਦਰਜ ਕਰਨ ਵਾਲੇ ਤੀਜੇ ਭਾਰਤੀ ਟੈਨਿਸ ਖਿਡਾਰੀ ਬਣੇ ਸਨ। ਜੀਸ਼ਾਨ ਅਲੀ ਨੇ 1988 ਦੀ ਟੈਨਿਸ ਪੁਰਸ਼ ਪ੍ਰਤੀਯੋਗਿਤਾ ’ਚ ਪਰਾਗਵੇ ਦੇ ਵਿਕਟੋ ਕਾਬਾਲੇਰੋ ਨੂੰ ਹਰਾਇਆ ਸੀ। ਉਸ ਤੋਂ ਬਾਅਦ ਲਿਏਂਡਰ ਪੇਸ ਨੇ ਬ੍ਰਾਜ਼ੀਲ ਦੇ ਫਰਨਾਂਡੋ ਮੇਲਿਜੇਨੀ ਨੂੰ ਹਰਾ ਕੇ ਅਟਲਾਂਟਾ ਓਲੰਪਿਕ 1996 ’ਚ ਕਾਂਸੀ ਤਮਗਾ ਜਿੱਤਿਆ ਸੀ।