ਸਟੋਕਸ ਨੇ ਪਹਿਲੀ ਗੇਂਦ ਨਾਲ ਹੀ ਧਿਆਨ ਭਟਕਾਉਣ ਦੀ ਕੋਸ਼ਿਸ਼ ਕੀਤੀ ਸੀ : ਬਲੈਕਵੁਡ
Thursday, Jul 16, 2020 - 12:52 AM (IST)
ਮਾਨਚੈਸਟਰ– ਪਹਿਲੇ ਟੈਸਟ ਵਿਚ ਵੈਸਟਇੰਡੀਜ਼ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਉਣ ਵਾਲਿਆਂ ਵਿਚ ਸ਼ਾਮਲ ਰਹੇ ਜਰਮਨ ਬਲੈਕਵੁਡ ਨੇ ਕਿਹਾ ਹੈ ਕਿ ਉਸਦੀ ਮੈਚ ਜਿਤਾਉਣ ਵਾਲੀ 95 ਦੌੜਾਂ ਦੀ ਪਾਰੀ ਦੌਰਾਨ ਇੰਗਲੈਂਡ ਨੇ ਤਾਅਨੇ-ਮੇਹਣੇ ਮਾਰ ਕੇ ਉਸਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਵਿਚ ਕਾਰਜਕਾਰੀ ਕਪਾਤਨ ਬੇਨ ਸਟੋਕਸ ਉਨ੍ਹਾਂ ਦੀ ਅਗਵਾਈ ਕਰ ਰਿਹਾ ਸੀ।
'ਵਿਜ਼ਡਨ' ਨੇ ਬਲੈਕਵੁਡ ਦੇ ਹਵਾਲੇ ਨਾਲ ਕਿਹਾ,''ਪਹਿਲੀ ਗੇਂਦ ਤੋਂ ਹੀ ਕਪਤਾਨ ਬੇਨ ਸਟੋਕਸ ਮੈਨੂੰ ਕੁਝ ਨਾ ਕੁਝ ਕਹਿ ਰਿਹਾ ਸੀ। ਮੈਨੂੰ ਲੱਗਦਾ ਹੈ ਕਿ ਉਹ ਕੋਸ਼ਿਸ਼ ਕਰ ਰਿਹਾ ਸੀ ਕਿ ਮੈਂ ਖਰਾਬ ਸ਼ਾਟ ਖੇਡਾਂ ਪਰ ਕਿਸੇ ਵੀ ਸਮੇਂ ਮੇਰਾ ਧਿਆਨ ਨਹੀਂ ਭਟਕਿਆ। ਜਦੋਂ ਮੈਂ ਕ੍ਰੀਜ਼ 'ਤੇ ਸੀ ਤਾਂ ਉਹ ਦਬਾਅ ਵਿਚ ਸੀ, ਮੈਂ ਨਹੀਂ।'' ਉਸ ਨੇ ਕਿਹਾ, ''ਮੈਨੂੰ ਪਤਾ ਸੀ ਕਿ ਉਹ ਮੈਨੂੰ ਖਰਾਬ ਗੇਂਦ ਨਹੀਂ ਕਰ ਸਕਦੇ। ਮੈਨੂੰ ਯਾਦ ਨਹੀਂ ਕਿ ਉਹ ਕੀ ਕਹਿ ਰਹੇ ਸਨ ਪਰ ਕੁਝ ਬੁਰਾ ਨਹੀਂ ਕਿਹਾ। ਇਹ ਕ੍ਰਿਕਟ ਹੈ। ਤੁਹਾਨੂੰ ਹਮੇਸ਼ਾ ਕੁਝ ਨਾ ਕੁਝ ਸੁਣਨ ਨੂੰ ਮਿਲਦਾ ਹੈ ਤੇ ਖੇਡ ਇਸੇ ਤਰ੍ਹਾਂ ਖੇਡੀ ਜਾਂਦੀ ਹੈ। ''
ਵੈਸਟਇੰਡੀਜ਼ ਨੇ ਟੀਚੇ ਦਾ ਪਿੱਛਾ ਕਰਦੇ ਹੋਏ 12 ਓਵਰਾਂ ਵਿਚ 27 ਦੌੜਾਂ 'ਤੇ ਹੀ 3 ਵਿਕਟਾਂ ਗੁਆ ਦਿੱਤੀਆਂ ਸਨ ਪਰ ਬਲੈਕਵੁਡ ਨੇ ਆਖਰੀ ਦਿਨ 95 ਦੌੜਾਂ ਦੀ ਪਾਰੀ ਖੇਡ ਕੇ ਟੀਮ ਨੂੰ ਮੁਕਾਬਲੇ ਵਿਚ ਬਰਕਰਾਰ ਰੱਖਿਆ ਸੀ। ਵੈਸਟਇੰਡੀਜ਼ ਨੂੰ ਹਾਲਾਂਕਿ ਜਦੋਂ ਜਿੱਤ ਲਈ ਸਿਰਫ 11 ਦੌੜਾਂ ਦੀ ਲੋੜ ਸੀ ਤਦ ਬਲੈਕਵੁਡ ਆਊਟ ਹੋ ਗਿਆ ਸੀ।