ਇਸ ਸ਼ਰਤ ਨਾਲ PSL ''ਚ ਖੇਡਣ ਲਈ ਰਾਜ਼ੀ ਹੋਏ ਸਟੀਵ ਸਮਿਥ
Sunday, Nov 11, 2018 - 12:52 PM (IST)

ਨਵੀਂ ਦਿੱਲੀ— ਗੇਂਦ ਨਾਲ ਛੇੜਛਾੜ ਦੇ ਮਾਮਲੇ 'ਚ ਇਕ ਸਾਲ ਦੀ ਪਾਬੰਦੀ ਦਾ ਸਾਹਮਣਾ ਕਰ ਰਹੇ ਆਸਟਰੇਲੀਆ ਦੇ ਸਾਬਕਾ ਕਪਤਾਨ ਸਟੀਵ ਸਮਿਥ ਨੇ ਪਾਕਿਸਤਾਨ ਸੁਪਰ ਲੀਗ (ਪੀ.ਐੱਸ.ਐੱਲ.) ਦੇ ਚੌਥੇ ਸੈਸ਼ਨ ਲਈ ਇਕ ਸ਼ਰਤ ਨਾਲ ਖੇਡਣ 'ਚ ਸਹਿਮਤੀ ਜਤਾਈ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਹ ਸਿਰਫ ਸੰਯੁਕਤ ਅਰਬ ਅਮੀਰਾਤ 'ਚ ਹੋਣ ਵਾਲੇ ਮੈਚਾਂ 'ਚ ਖੇਡਣਗੇ ਅਤੇ ਪਲੇਅ ਆਫ ਅਤੇ ਫਾਈਨਲ ਲਈ ਪਾਕਿਸਤਾਨ ਨਹੀਂ ਜਾਣਗੇ।
ਇਸ ਸਾਲ ਮਾਰਚ 'ਚ ਦੱਖਣੀ ਅਫਰੀਕਾ 'ਚ ਟੈਸਟ ਮੈਚ ਦੇ ਦੌਰਾਨ ਗੇਂਦ ਨਾਲ ਛੇੜਛਾੜ ਮਾਮਲੇ 'ਚ ਭੂਮਿਕਾ ਦੇ ਲਈ 12 ਮਹੀਨਿਆਂ ਲਈ ਪਾਬੰਦੀ ਦਾ ਸਾਹਮਣਾ ਕਰ ਕਰੇ ਸਮਿਥ ਨੂੰ ਦੁਨੀਆ ਭਰ ਦੀਆਂ ਟੀ-20 ਲੀਗ 'ਚ ਖੇਡਣ ਦੀ ਇਜਾਜ਼ਤ ਹੈ। ਉਨ੍ਹਾਂ 'ਤੇ ਪਾਬੰਦੀ ਇੰਗਲੈਂਡ 'ਚ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਖਤਮ ਹੋਵੇਗੀ। ਅਜਿਹੇ 'ਚ ਇਹ ਬੱਲੇਬਾਜ਼ ਪਹਿਲੀ ਵਾਰ ਪੀ.ਐੱਸ.ਐੱਲ. ਲਈ ਉਪਲਬਧ ਹੋਵੇਗਾ।
ਪੀ.ਐੱਸ.ਐੱਲ. ਦੇ ਸਕੱਤਰੇਤ ਦੇ ਭਰੋਸੇਯੋਗ ਸੂਤਰਾਂ ਮੁਤਾਬਕ ਸਮਿਥ ਤੋਂ ਇਲਾਵਾ ਕਈ ਹੋਰ ਸਟਾਰ ਵਿਦੇਸ਼ੀ ਖਿਡਾਰੀਆਂ ਨੇ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਕਰਾਚੀ 'ਚ ਹੋਣ ਵਾਲੇ ਫਾਈਨਲ ਸਮੇਤ ਅੱਠ ਮੈਚਾਂ 'ਚ ਪੀ.ਐੱਸ.ਐੱਲ. ਦੇ ਅੰਤਿਮ ਪੜਾਅ ਲਈ ਪਾਕਿਸਤਾਨ ਨਹੀਂ ਆਉਣਗੇ। ਸੂਤਰ ਨੇ ਕਿਹਾ ਕਿ ਸਮਿਥ ਅਤੇ ਹੋਰਨਾਂ ਖਿਡਾਰੀਆਂ ਨੇ ਕਿਹਾ ਕਿ ਉਹ ਸਿਰਫ ਯੂ.ਏ.ਈ. 'ਚ ਖੇਡ ਲਈ ਉਪਲਬਧ ਰਹਿਣਗੇ।
ਦੱਖਣੀ ਅਫਰੀਕਾ ਦੇ ਏ.ਬੀ. ਡਿਵਿਲੀਅਰਸ ਵੀ ਪੀ.ਐੱਸ.ਐੱਲ. 'ਚ ਪਹਿਲੀ ਵਾਰ ਹਿੱਸਾ ਲੈਣਗੇ ਪਰ ਸਿਰਫ ਦੋ ਹਫਤਿਆਂ ਲਈ ਅਤੇ ਉਹ ਵੀ ਸਿਰਫ ਯੂ.ਏ.ਈ. ਪੜਾਅ 'ਚ। ਇਸਲਾਮਾਬਾਦ 'ਚ 20 ਨਵੰਬਰ ਨੂੰ ਹੋਣ ਵਾਲੇ ਪੀ.ਐੱਸ.ਐੱਲ. ਦੇ ਡਰਾਫਟ 'ਚ 371 ਵਿਦੇਸ਼ੀ ਅਤੇ 311 ਪਾਕਿਸਤਾਨੀ ਖਿਡਾਰੀਆਂ ਨੂੰ ਜਗ੍ਹਾ ਮਿਲੀ ਹੈ। ਜ਼ਿਆਦਾਤਰ ਵਿਦੇਸ਼ੀ ਸਟਾਰ ਖਿਡਾਰੀ ਆਸਟਰੇਲੀਆ 'ਚ ਬਿਗ ਬੈਸ਼ ਲੀਗ ਖਤਮ ਹੋਣ ਦੇ ਬਾਅਦ ਰਾਸ਼ਟਰੀ ਵਨਚਬੱਧਤਾ ਨਹੀਂ ਹੋਣ 'ਤੇ ਪੀ.ਐੱਸ.ਐੱਲ. ਦੇ ਕੁਝ ਹਿੱਸੇ ਲਈ ਉਪਲਬਧ ਰਹਿਣਗੇ।