ਅਸ਼ਵਿਨ ਨੂੰ ਲੈ ਕੇ ਰਾਜਸਥਾਨ ਰਾਇਲਜ਼ ਫ੍ਰੈਂਚਾਈਜ਼ੀ ਨੇ ਜਾਰੀ ਕੀਤਾ ਬਿਆਨ, ਬਟਲਰ ਨਾਲ ਜੁੜਿਆ ਹੈ ਮਾਮਲਾ

02/12/2022 7:23:57 PM

ਬੈਂਗਲੌਰ- ਰਾਜਸਥਾਨ ਰਾਇਲਜ਼ ਨੇ ਰਵੀਚੰਦਰਨ ਅਸ਼ਵਿਨ ਨੂੰ ਆਗਾਮੀ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਲਈ ਖ਼ਰੀਦਣ ਦੇ ਬਾਅਦ ਕਿਹਾ ਕਿ ਵਿਕਟਕੀਪਰ ਬੱਲੇਬਾਜ਼ ਜੋਸ ਬਟਲਰ ਇਸ ਭਾਰਤੀ ਆਫ਼ ਸਪਿਨਰ ਦੇ ਨਾਲ ਰਨ ਆਊਟ ਮਾਮਲੇ ਨੂੰ ਭੁਲਾ ਕੇ ਅੱਗੇ ਵਧ ਗਏ ਹਨ ਜੋ ਹੁਣ ਉਨ੍ਹਾਂ ਦੇ ਨਾਲ ਹੀ ਟੀਮ 'ਚ ਖੇਡਣਗੇ। ਆਈ. ਪੀ. ਐੱਲ. 2022 ਦੀ ਨਿਲਾਮੀ ਦੇ ਪਹਿਲੇ ਦਿਨ ਰਾਜਸਥਾਨ ਰਾਇਲਜ਼ ਨੇ ਪੰਜ ਕਰੋੜ ਰੁਪਏ 'ਚ ਅਸ਼ਵਿਨ ਨੂੰ ਖ਼ਰੀਦਿਆ ਤੇ ਹੁਣ ਉਹ ਬਟਲਰ ਦੇ ਨਾਲ ਟੀਮ 'ਚ ਹੋਣਗੇ। ਬਟਲਰ ਨੂੰ ਰਾਜਸਥਾਨ ਨੇ ਸੰਜੂ ਸੈਮਸਨ ਤੇ ਯਸ਼ਸਵੀ ਜਾਇਸਵਾਲ ਦੇ ਨਾਲ ਰਿਟੇਨ ਕੀਤਾ ਹੈ।

ਰਾਜਸਥਾਨ ਰਾਇਲਜ਼ ਦੇ ਸੀ. ਈ. ਓ. ਜੇਕ ਲਸ਼ ਮੈਕ੍ਰਮ ਨੇ ਕਿਹਾ ਕਿ ਉਨ੍ਹਾਂ ਨੇ ਬਟਲਰ ਨਾਲ ਖਿਡਾਰੀਆਂ 'ਤੇ ਟੀਮ ਦੀ ਤਰਜੀਹ ਬਾਰੇ ਗੱਲ ਕੀਤੀ ਹੈ। ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ 'ਚ ਕਿਹਾ ਕਿ ਅਸੀਂ ਨਿਲਾਮੀ ਤੋਂ ਪਹਿਲਾਂ ਜੋਸ ਨਾਲ ਵੀ ਗੱਲ ਕੀਤੀ ਸੀ। ਇਮਾਨਦਾਰੀ ਨਾਲ ਕਹਾਂ ਤਾਂ ਉਸ ਨੇ ਇਸ ਦੇ (2019 'ਚ ਅਸ਼ਵਿਨ ਵਲੋਂ ਨਾਨ ਸਟ੍ਰਾਈਕਰ ਪਾਸੇ ਤੋਂ ਉਨ੍ਹਾਂ ਨੂੰ ਆਊਟ ਕਰਨ ਦੀ ਘਟਨਾ) ਬਾਰੇ ਸੋਚਿਆ ਵੀ ਨਹੀਂ। ਮੈਨੂੰ ਇਕ ਤਰ੍ਹਾਂ ਨਾਲ ਇਸ ਘਟਨਾ ਨੂੰ ਗੱਲਬਾਤ 'ਚ ਲਿਆਉਣਾ ਪਿਆ ਤਾਂ ਜੋ ਪਤਾ ਲਗ ਜਾਵੇ ਕਿ ਉਸ ਨੂੰ ਇਸ ਘਟਨਾ ਨਾਲ ਪਰੇਸ਼ਾਨੀ ਤਾਂ ਨਹੀਂ ਤੇ ਉਨ੍ਹਾਂ ਕਿਹਾ ਕਿ ਉਸ ਨੂੰ ਕੋਈ ਪਰੇਸ਼ਾਨੀ ਨਹੀਂ ਹੈ।

ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਉਹ ਨੈੱਟ 'ਤੇ ਉਸ ਨਾਲ ਅਭਿਆਸ ਕਰੇ। ਪਰ ਉਹ ਮੈਦਾਨ 'ਤੇ ਇਕ ਦੂਜੇ ਨਾਲ ਖੇਡਣ ਲਈ ਤਿਆਰ ਹਨ। ਇਹ ਘਟਨਾ ਰਾਜਸਥਾਨ ਰਾਇਲਜ਼ ਦੇ 25 ਮਾਰਚ ਨੂੰ ਕਿੰਗਜ਼ ਇਲੈਵਨ ਪੰਜਾਬ (ਹੁਣ ਪੰਜਾਬ ਕਿੰਗਜ਼) ਖਿਲਾਫ ਮੈਚ ਦੇ ਦੌਰਾਨ ਹੋਈ ਸੀ ਜਦੋਂ ਅਸ਼ਵਿਨ ਨੇ ਬਟਲਰ ਨੂੰ ਨਾਨ ਸਟ੍ਰਾਈਕਰ ਪਾਸੇ ਤੋਂ ਰਨਆਊਟ ਕਰ ਦਿੱਤਾ ਕਿਉਂਕਿ ਉਹ ਉਨ੍ਹਾਂ ਦੇ ਗੇਂਦਬਾਜ਼ੀ ਕਰਨ ਤੋਂ ਪਹਿਲਾਂ ਹੀ ਕ੍ਰੀਜ਼ ਤੋਂ ਬਹੁਤ ਅੱਗੇ ਨਿਕਲ ਗਏ ਸਨ। 


Tarsem Singh

Content Editor

Related News