ਸ਼੍ਰੀਕਾਂਤ ਤੇ ਸਾਇਨਾ ਹੁਣ ਆਸਟ੍ਰੇਲੀਆ ''ਚ ਸੰਭਾਲਣਗੇ ਉਮੀਦਾਂ ਦਾ ਭਾਰ

06/20/2017 1:51:03 AM

ਸਿਡਨੀ— ਇੰਡੋਨੇਸ਼ੀਆ ਓਪਨ ਵਿਚ ਚੈਂਪੀਅਨ ਬਣਿਆ ਕਿਦਾਂਬੀ ਸ਼੍ਰੀਕਾਂਤ ਆਪਣੇ ਖਿਤਾਬ ਦਾ ਜਸ਼ਨ ਸ਼ਾਇਦ ਠੀਕ ਤਰ੍ਹਾਂ ਨਾਲ ਮਨਾ ਵੀ ਨਹੀਂ ਸਕਿਆ ਹੈ ਪਰ ਹੁਣ ਉਸ ਨੂੰ ਮੰਗਲਵਾਰ ਤੋਂ ਸ਼ੁਰੂ ਹੋਣ ਜਾ ਰਹੇ ਆਸਟ੍ਰੇਲੀਅਨ ਓਪਨ ਸੁਪਰ ਸੀਰੀਜ਼ ਬੈਡਮਿੰਟਨ ਟੂਰਨਾਮੈਂਟ ਵਿਚ ਭਾਰਤੀ ਦਲ ਦੀ ਅਗਵਾਈ ਕਰਨੀ ਪਵੇਗੀ, ਜਿਥੇ ਮਹਿਲਾ ਸਿੰਗਲਜ਼ ਵਿਚ ਸਾਇਨਾ ਨੇਹਵਾਲ ਖਿਤਾਬ ਦਾ ਬਚਾਅ ਕਰਨ ਉਤਰੇਗੀ।
ਜ਼ਬਰਦਸਤ ਫਾਰਮ ਵਿਚ ਖੇਡ ਰਹੇ ਸ਼੍ਰੀਕਾਂਤ ਨੇ ਐਤਵਾਰ ਨੂੰ ਹੀ ਜਕਾਰਤਾ ਵਿਚ ਇੰਡੋਨੇਸ਼ੀਆ ਓਪਨ ਦਾ ਖਿਤਾਬ ਜਿੱਤਿਆ ਹੈ ਤੇ ਉਹ ਆਸਟ੍ਰੇਲੀਅਨ ਓਪਨ ਵਿਚ ਇਸੇ ਲੈਅ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗਾ। ਸ਼੍ਰੀਕਾਂਤ ਬੁੱਧਵਾਰ ਨੂੰ ਪੁਰਸ਼ ਸਿੰਗਲਜ਼ ਵਿਚ ਆਪਣਾ ਪਹਿਲਾ ਮੈਚ ਕੁਆਲੀਫਾਇਰ ਖਿਡਾਰੀ ਨਾਲ ਖੇਡੇਗਾ।
ਉਥੇ ਹੀ ਮਹਿਲਾਵਾਂ ਵਿਚ ਸਾਬਕਾ ਨੰਬਰ ਇਕ ਹੋਰ 2016 ਦੀ ਆਸਟ੍ਰੇਲੀਅਨ ਓਪਨ ਸੁਪਰ ਸੀਰੀਜ਼ ਚੈਂਪੀਅਨ ਸਾਇਨਾ ਨੇਹਵਾਲ ਖਿਤਾਬ ਬਚਾਉਣ ਉਤਰੇਗੀ। ਰੀਓ ਦੀ ਚਾਂਦੀ ਤਮਗਾ ਜੇਤੂ ਪੀ. ਵੀ. ਸਿੰਧੂ ਨੂੰ ਵੀ ਇਥੇ ਸਖਤ ਚੁਣੌਤੀ ਝੱਲਣੀ ਪਵੇਗੀ।
ਸਾਇਨਾ ਸਾਹਮਣੇ ਮਹਿਲਾ ਸਿੰਗਲਜ਼ ਦੇ ਪਹਿਲੇ ਦੌਰ 'ਚ ਇੰਡੋਨੇਸ਼ੀਆ ਦੀ ਉਪ ਜੇਤੂ ਕੋਰੀਆ ਦੀ ਸੁੰਗ ਜੀ ਹਿਊਨ ਦੀ ਚੁਣੌਤੀ ਰਹੇਗੀ, ਜਦਕਿ ਸਿੰਧੂ ਸਾਹਮਣੇ ਜੇਤੂ ਜਾਪਾਨ ਦੀ ਸਾਇਕਾ ਸਾਤੋ ਹੋਵੇਗੀ। ਦੋਵੇਂ ਭਾਰਤੀ ਖਿਡਾਰਨਾਂ ਜਕਾਰਤਾ ਵਿਚ ਪ੍ਰੀ-ਕੁਆਰਟਰ ਫਾਈਨਲ ਵਿਚ ਹੀ ਹਾਰ ਕੇ ਬਾਹਰ ਹੋ ਗਈਆਂ ਸਨ। ਅਪ੍ਰੈਲ 'ਚ ਸਿੰਗਾਪੁਰ ਓਪਨ ਰਾਹੀਂ ਆਪਣਾ ਪਹਿਲਾ ਸੁਪਰ ਸੀਰੀਜ਼ ਖਿਤਾਬ ਜਿੱਤਣ ਵਾਲਾ ਬੀ. ਸਾਈ ਪ੍ਰਣੀਤ ਵੀ ਮਹੱਤਵਪੂਰਨ ਖਿਡਾਰੀ ਹੈ। 24 ਸਾਲਾ ਪ੍ਰਣੀਤ ਹਾਲਾਂਕਿ ਜਕਾਰਤਾ ਵਿਚ ਪਹਿਲੇ ਹੀ ਦੌਰ ਵਿਚ ਬਾਹਰ ਹੋ ਗਿਆ ਸੀ। ਉਹ ਪਹਿਲੇ ਦੌਰ ਦੇ ਮੁਕਾਬਲੇ ਵਿਚ ਇੰਡੋਨੇਸ਼ੀਆ ਦੇ ਟਾਮੀ ਸੁਗਿਆਰਤੋ ਵਿਰੁੱਧ ਖੇਡਣ ਉਤਰੇਗਾ।ਇਸ ਤੋਂ ਇਲਾਵਾ ਜਿਨ੍ਹਾਂ ਭਾਰਤੀ ਖਿਡਾਰੀਆਂ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਰਹੇਗੀ, ਉਨ੍ਹਾਂ ਵਿਚ ਸੱਯਦ ਮੋਦੀ ਗ੍ਰਾਂ. ਪ੍ਰੀ. ਜੇਤੂ ਸਮੀਰ ਵਰਮਾ ਤੇ ਅਜੇ ਜੈਰਾਮ ਵੀ ਸ਼ਾਮਲ ਹਨ।


Related News