ਖੇਡ ਮੰਤਰਾਲਾ ਨੇ ਰਾਸ਼ਟਰੀ ਖੇਡ ਪੁਰਸਕਾਰਾਂ ਲਈ ਅਰਜ਼ੀਆਂ ਜਮ੍ਹਾਂ ਕਰਾਉਣ ਦੀ ਸਮਾਂ ਸੀਮਾ ਵਧਾਈ

09/28/2022 5:01:20 PM

ਜੈਤੋ/ਨਵੀਂ ਦਿੱਲੀ (ਰਘੂਨੰਦਨ ਪਰਾਸ਼ਰ/ਭਾਸ਼ਾ0)- ਖੇਡ ਮੰਤਰਾਲਾ ਨੇ ਬੁੱਧਵਾਰ ਨੂੰ ਇਸ ਸਾਲ ਰਾਸ਼ਟਰੀ ਖੇਡ ਪੁਰਸਕਾਰਾਂ ਲਈ ਅਰਜ਼ੀਆਂ ਜਮ੍ਹਾਂ ਕਰਾਉਣ ਦੀ ਸਮਾਂ ਸੀਮਾ ਤਿੰਨ ਦਿਨ ਵਧਾ ਕੇ 1 ਅਕਤੂਬਰ ਕਰ ਦਿੱਤੀ ਹੈ। ਇਸ ਤੋਂ ਪਹਿਲਾਂ, ਮੰਤਰਾਲਾ ਨੇ ਆਨਲਾਈਨ ਬਿਨੈ-ਪੱਤਰ ਜਮ੍ਹਾ ਕਰਨ ਦੀ ਆਖ਼ਰੀ ਮਿਤੀ 27 ਸਤੰਬਰ ਨਿਰਧਾਰਤ ਕੀਤੀ ਸੀ। ਇਸ ਸਾਲ ਤੋਂ ਸਮਰਪਿਤ ਪੋਰਟਲ ਰਾਹੀਂ ਸਿਰਫ਼ ਆਨਲਾਈਨ ਅਰਜ਼ੀਆਂ ਮੰਗੀਆਂ ਜਾਣਗੀਆਂ।

ਮੰਤਰਾਲਾ ਨੇ ਇੱਕ ਬਿਆਨ ਵਿੱਚ ਕਿਹਾ, "ਬਿਨੈ ਪੱਤਰ ਪ੍ਰਾਪਤ ਕਰਨ ਦੀ ਆਖ਼ਰੀ ਮਿਤੀ 27 ਸਤੰਬਰ 2022 ਤੋਂ ਵਧਾ ਕੇ 1 ਅਕਤੂਬਰ 2022 (ਸ਼ਨੀਵਾਰ) ਕਰ ਦਿੱਤੀ ਗਈ ਹੈ।" ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ, ਅਰਜੁਨ ਪੁਰਸਕਾਰ, ਦਰੋਣਾਚਾਰੀਆ ਪੁਰਸਕਾਰ, ਧਿਆਨ ਚੰਦ ਪੁਰਸਕਾਰ, ਰਾਸ਼ਟਰੀ ਖੇਲ ਪ੍ਰੋਤਸਾਹਨ ਪੁਰਸਕਾਰ ਅਤੇ ਮੌਲਾਨਾ ਅਬਦੁਲ ਕਲਾਮ ਆਜ਼ਾਦ ਟਰਾਫੀ ਲਈ ਅਰਜ਼ੀਆਂ ਮੰਗੀਆਂ ਗਈਆਂ ਸਨ। ਇਸ ਦੀ ਸੂਚਨਾ ਮੰਤਰਾਲਾ ਦੀ ਵੈੱਬਸਾਈਟ www.yas.nic.in 'ਤੇ ਅਪਲੋਡ ਕੀਤੀ ਗਈ ਹੈ। 

ਪੁਰਸਕਾਰ ਲਈ ਯੋਗ ਖਿਡਾਰੀਆਂ/ਕੋਚਾਂ/ਬਾਡੀਜ਼/ਯੂਨੀਵਰਸਿਟੀਆਂ ਤੋਂ ਅਰਜ਼ੀਆਂ ਮੰਗੀਆਂ ਜਾਂਦੀਆਂ ਹਨ। ਉਨ੍ਹਾਂ ਨੂੰ ਇੱਕ ਸਮਰਪਿਤ ਪੋਰਟਲ dbtyas-sports.gov.in 'ਤੇ ਖ਼ੁਦ ਆਨਲਾਈਨ ਅਪਲਾਈ ਕਰਨ ਲਈ ਬੇਨਤੀ ਕੀਤੀ ਜਾਂਦੀ ਹੈ। ਓਲੰਪਿਕ ਐਸੋਸੀਏਸ਼ਨ ਆਫ ਇੰਡੀਆ/ਸਪੋਰਟਸ ਅਥਾਰਟੀ ਆਫ ਇੰਡੀਆ/ਮਾਨਤਾ ਪ੍ਰਾਪਤ ਰਾਸ਼ਟਰੀ ਖੇਡ ਫੈਡਰੇਸ਼ਨਾਂ/ਖੇਡ ਪ੍ਰਮੋਸ਼ਨ ਬੋਰਡਾਂ/ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਵੀ ਇਸ ਬਾਰੇ ਜਾਣੂ ਕਰਵਾਇਆ ਗਿਆ ਹੈ। 1 ਅਕਤੂਬਰ 2022 (ਸ਼ਨੀਵਾਰ) ਤੋਂ ਬਾਅਦ ਪ੍ਰਾਪਤ ਹੋਈਆਂ ਨਾਮਜ਼ਦਗੀਆਂ 'ਤੇ ਵਿਚਾਰ ਨਹੀਂ ਕੀਤਾ ਜਾਵੇਗਾ।


cherry

Content Editor

Related News