Sport''s Wrap up 28 ਜਨਵਰੀ : ਪੜ੍ਹੋ ਦਿਨ ਭਰ ਦੀਆਂ 10 ਵੱਡੀਆਂ ਖਬਰਾਂ
Monday, Jan 28, 2019 - 10:51 PM (IST)

ਸਪੋਰਟਸ ਡੈੱਕਸ— ਨਿਊਜ਼ੀਲੈਂਡ ਵਿਰੁੱਧ ਤੀਜੇ ਵਨ ਡੇ ਜਿੱਤਣ ਦੇ ਨਾਲ ਹੀ ਭਾਰਤੀ ਟੀਮ ਨੇ ਵਨ ਡੇ ਸੀਰੀਜ਼ 'ਤੇ ਕਬਜ਼ਾ ਕਰ ਲਿਆ ਹੈ। ਜੋਕੋਵਿਚ ਨੇ ਰਿਕਾਰਡ 7ਵੀਂ ਵਾਰ ਆਸਟਰੇਲੀਅਨ ਓਪਨ ਦਾ ਖਿਤਾਬ ਜਿੱਤ ਕੇ ਨੰਬਰ ਵਨ ਰੈਂਕਿੰਗ 'ਤੇ ਆਪਣੀ ਪਕੜ ਮਜ਼ਬੂਤ ਕਰ ਲਈ ਹੈ ਜਦਕਿ ਵਾਰ ਮਹਿਲਾ ਖਿਤਾਬ ਜਿੱਤਣ ਵਾਲੀ ਜਾਪਾਨ ਦੀ ਨਾਓਮੀ ਓਸਾਕਾ ਨੰਬਰ ਵਨ ਬਣ ਗਈ ਹੈ। ਜਗ ਬਾਣੀ ਸਪੋਰਟਸ ਡੈੱਕਸ ਤੁਹਾਡੇ ਲਈ ਲਿਆਇਆ ਹੈ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਤੁਸੀਂ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ 'ਚ ਪੜ੍ਹਣੋਂ ਖੁੰਝ ਜਾਂਦੇ ਹੋ। ਇਸ ਨਿਊਸ ਬੁਲੇਟਿਨ 'ਚ ਅਸੀਂ ਤੁਹਾਨੂੰ ਖੇਡ ਜਗਤ ਨਾਲ ਜੁੜੀਆਂ ਹੁਣ ਤੱਕ ਦੀਆਂ 10 ਵੱਡੀਆਂ ਖਬਰਾਂ ਨਾਲ ਰੂਬਰੂ ਕਰਵਾਵਾਂਗੇ।
ਭਾਰਤ ਨੇ ਲਾਈ ਜੇਤੂ ਹੈਟ੍ਰਿਕ, ਜਿੱਤੀ ਸੀਰੀਜ਼
ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ (41 ਦੌੜਾਂ 'ਤੇ 3 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਤੋਂ ਬਾਅਦ ਓਪਨਰ ਰੋਹਿਤ ਸ਼ਰਮਾ (62) ਤੇ ਕਪਤਾਨ ਵਿਰਾਟ ਕੋਹਲੀ (60) ਦੇ ਬਿਹਤਰੀਨ ਅਰਧ ਸੈਂਕੜਿਆਂ ਨਾਲ ਭਾਰਤ ਨੇ ਨਿਊਜ਼ੀਲੈਂਡ ਨੂੰ ਤੀਜੇ ਵਨ ਡੇ ਵਿਚ ਸੋਮਵਾਰ ਨੂੰ ਇਕਪਾਸੜ ਅੰਦਾਜ਼ ਵਿਚ 7 ਵਿਕਟਾਂ ਨਾਲ ਹਰਾ ਕੇ 5 ਮੈਚਾਂ ਦੀ ਸੀਰੀਜ਼ ਵਿਚ 3-0 ਨਾਲ ਅਜੇਤੂ ਬੜ੍ਹਤ ਹਾਸਲ ਕਰ ਲਈ ਹੈ। ਭਾਰਤ ਨੇ ਨਿਊਜ਼ੀਲੈਂਡ ਦੇ 49 ਓਵਰਾਂ ਵਿਚ 243 ਦੌੜਾਂ ਦੇ ਸਕੋਰ ਨੂੰ 43 ਓਵਰਾਂ ਵਿਚ 3 ਵਿਕਟਾਂ 'ਤੇ 245 ਦੌੜਾਂ ਬਣਾ ਕੇ ਪਾਰ ਕਰ ਲਿਆ। ਸ਼ੰਮੀ ਨੂੰ ਉਸ ਦੀ ਸ਼ਾਨਦਾਰ ਗੇਂਦਬਾਜ਼ੀ ਲਈ 'ਮੈਨ ਆਫ ਦਿ ਮੈਚ' ਦਾ ਐਵਾਰਡ ਦਿੱਤਾ ਗਿਆ। ਸ਼ੰਮੀ ਨੇ ਨੇਪੀਅਰ ਵਿਚ ਵੀ ਪਹਿਲੇ ਵਨ ਡੇ ਵਿਚ 3 ਵਿਕਟਾਂ ਲੈ ਕੇ 'ਮੈਨ ਆਫ ਦਿ ਮੈਚ' ਐਵਾਰਡ ਹਾਸਲ ਕੀਤਾ ਸੀ। ਭਾਰਤ ਨੇ ਆਸਟਰੇਲੀਆ ਨੂੰ ਟੈਸਟ ਤੇ ਵਨ ਡੇ ਸੀਰੀਜ਼ ਵਿਚ ਉਸੇ ਦੇ ਘਰ 'ਚ ਹਰਾਉਣ ਤੋਂ ਬਾਅਦ ਹੁਣ ਨਿਊਜ਼ੀਲੈਂਡ ਨੂੰ ਉਸੇ ਦੀ ਧਰਤੀ 'ਤੇ ਵਨ ਡੇ ਸੀਰੀਜ਼ ਵਿਚ ਹਰਾ ਦਿੱਤਾ ਹੈ। ਭਾਰਤ ਨੇ 10 ਸਾਲ ਬਾਅਦ ਨਿਊਜ਼ੀਲੈਂਡ ਵਿਚ ਪਹਿਲੀ ਵਾਰ ਦੋ-ਪੱਖੀ ਸੀਰੀਜ਼ ਜਿੱਤੀ ਹੈ। ਭਾਰਤ ਨੇ ਇਸ ਤੋਂ ਪਹਿਲਾਂ 2009 ਵਿਚ ਸੀਰੀਜ਼ ਆਪਣੇ ਨਾਂ ਕੀਤੀ ਸੀ। ਭਾਰਤੀ ਟੀਮ ਇਸ ਤੋਂ ਪਹਿਲਾਂ ਤੱਕ ਨਿਊਜ਼ੀਲੈਂਡ ਵਿਚ ਸਿਰਫ ਇਕ ਵਨ ਡੇ ਸੀਰੀਜ਼ ਹੀ ਆਪਣੇ ਨਾਂ ਕਰ ਸਕੀ ਸੀ।
ਜੋਕੋਵਿਚ ਨੰਬਰ ਵਨ 'ਤੇ ਹੋਰ ਮਜ਼ਬੂਤ, ਓਸਾਕਾ ਬਣੀ ਨੰਬਰ ਵਨ
ਸਰਬੀਆ ਦੇ ਨੋਵਾਕ ਜੋਕੋਵਿਚ ਨੇ ਰਿਕਾਰਡ 7ਵੀਂ ਵਾਰ ਆਸਟਰੇਲੀਅਨ ਓਪਨ ਦਾ ਖਿਤਾਬ ਜਿੱਤ ਕੇ ਨੰਬਰ ਵਨ ਰੈਂਕਿੰਗ 'ਤੇ ਆਪਣੀ ਪਕੜ ਮਜ਼ਬੂਤ ਕਰ ਲਈ ਹੈ, ਜਦਕਿ ਆਸਟਰੇਲੀਅਨ ਓਪਨ ਵਿਚ ਪਹਿਲੀ ਵਾਰ ਮਹਿਲਾ ਖਿਤਾਬ ਜਿੱਤਣ ਵਾਲੀ ਜਾਪਾਨ ਦੀ ਨਾਓਮੀ ਓਸਾਕਾ ਨੰਬਰ ਵਨ ਬਣ ਗਈ ਹੈ। ਤਾਜ਼ਾ ਜਾਰੀ ਏ. ਟੀ. ਪੀ. ਰੈਂਕਿੰਗ ਵਿਚ ਜੋਕੋਵਿਚ ਦੇ ਹੁਣ 10955 ਅੰਕ ਹੋ ਗਏ ਹਨ, ਜਦਕਿ ਆਸਟਰੇਲੀਅਨ ਓਪਨ ਦਾ ਉਪ ਜੇਤੂ ਸਪੈਨਿਸ਼ ਸਟਾਰ ਰਾਫੇਲ ਨਡਾਲ 8320 ਅੰਕਾਂ ਨਾਲ ਦੂਜੇ ਸਥਾਨ 'ਤੇ ਹੈ। ਜਰਮਨੀ ਦਾ ਅਲੈਗਜ਼ੈਂਡਰ ਜਵੇਰੇਵ ਇਕ ਸਥਾਨ ਉੱਪਰ ਤੀਜੇ ਤੇ ਅਰਜਨਟੀਨਾ ਦਾ ਜੁਆਨ ਮਾਰਟਿਨ ਡੇਲ ਪੋਤ੍ਰੋ ਵੀ ਇਕ ਸਥਾਨ ਦੇ ਸੁਧਾਰ ਨਾਲ ਚੌਥੇ ਨੰਬਰ 'ਤੇ ਪਹੁੰਚ ਗਿਆ ਹੈ। ਦੱਖਣੀ ਅਫਰੀਕਾ ਦਾ ਕੇਵਿਨ ਐਂਡਰਸਨ ਵੀ ਇਕ ਸਥਾਨ ਉੱਪਰ ਪੰਜਵੇਂ ਨੰਬਰ 'ਤੇ ਪਹੁੰਚ ਗਿਆ ਹੈ। ਆਸਟਰੇਲੀਅਨ ਓਪਨ ਦੇ ਚੌਥੇ ਰਾਊਂਡ ਵਿਚ ਹਾਰ ਜਾਣ ਵਾਲੇ 20 ਗ੍ਰੈਂਡ ਸਲੈਮ ਖਿਤਾਬਾਂ ਦੇ ਜੇਤੂ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਨੂੰ ਤਿੰਨ ਸਥਾਨਾਂ ਦਾ ਨੁਕਸਾਨ ਹੋਇਆ ਹੈ ਤੇ ਉਹ ਪਿਛਲੇ ਲਗਭਗ ਦੋ ਸਾਲਾਂ ਵਿਚ ਆਪਣੀ ਸਭ ਤੋਂ ਖਰਾਬ ਰੈਂਕਿੰਗ 6ਵੇਂ ਸਥਾਨ 'ਤੇ ਖਿਸਕ ਗਿਆ ਹੈ। ਫੈਡਰਰ 20 ਮਾਰਚ 2017 ਨੂੰ ਆਖਰੀ ਵਾਰ ਛੇਵੇਂ ਸਥਾਨ 'ਤੇ ਸੀ।
ਹੋਲਡਰ ਬਣਿਆ ਆਲਰਾਊਂਡਰ ਰੈਂਕਿੰਗ 'ਚ ਨੰਬਰ ਵਨ
ਵੈਸਟਇੰਡੀਜ਼ ਦਾ ਕਪਤਾਨ ਜੇਸਨ ਹੋਲਡਰ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਟੈਸਟ ਰੈਂਕਿੰਗ ਵਿਚ ਨੰਬਰ ਇਕ ਆਲਰਾਊਂਡਰ ਬਣ ਗਿਆ ਹੈ। ਵਿੰਡੀਜ਼ ਕਪਤਾਨ ਦੇ ਬਾਰਬਾਡੋਸ ਵਿਚ ਕੀਤੇ ਗਏ ਸਨਸਨੀਖੇਜ਼ ਪ੍ਰਦਰਸ਼ਨ ਤੋਂ ਬਾਅਦ ਉਸ ਦੀ ਰੈਂਕਿੰਗ ਵਿਚ ਜ਼ਬਰਦਸਤ ਉਛਾਲ ਆਇਆ ਹੈ। ਉਸ ਨੇ ਬੰਗਲਾਦੇਸ਼ ਦੇ ਆਲਰਾਊਂਡਰ ਸ਼ਾਕਿਬ ਅਲ ਹਸਨ ਤੇ ਭਾਰਤ ਦੇ ਰਵਿੰਦਰ ਜਡੇਜਾ ਨੂੰ ਪਿੱਛੇ ਛੱਡਿਆ ਹੈ। ਹੋਲਡਰ ਨੇ ਬਾਰਬਾਡੋਸ ਵਿਚ ਇੰਗਲੈਂਡ ਵਿਰੁੱਧ ਪਹਿਲੇ ਟੈਸਟ ਵਿਚ ਘਰੇਲੂ ਦਰਸ਼ਕਾਂ ਸਾਹਮਣੇ ਆਪਣਾ ਪਹਿਲਾ ਦੋਹਰਾ ਸੈਂਕੜਾ ਲਾਇਆ ਸੀ ਤੇ ਮੈਚ ਵਿਚ 2 ਵਿਕਟਾਂ ਵੀ ਲਈਆਂ ਸਨ, ਜਿਸ ਤੋਂ ਉਸ ਨੂੰ ਆਲਰਾਊਂਡਰ ਰੈਂਕਿੰਗ ਵਿਚ ਦੋ ਸਥਾਨਾਂ ਦੀ ਛਲਾਂਗ ਲਾਉਣ ਵਿਚ ਮਦਦ ਮਿਲੀ। ਉਹ ਬੱਲੇਬਾਜ਼ੀ ਵਿਚ 25 ਸਥਾਨਾਂ ਦੀ ਛਲਾਂਗ ਲਾ ਕੇ 33ਵੇਂ ਨੰਬਰ 'ਤੇ ਪਹੁੰਚ ਗਿਆ ਹੈ। ਹੋਲਡਰ ਸਰ ਗਾਰਫੀਲਡ ਸੋਬਰਸ ਤੋਂ ਬਾਅਦ ਆਈ. ਸੀ. ਸੀ. ਆਲਰਾਊਂਡਰ ਰੈਂਕਿੰਗ ਵਿਚ ਚੋਟੀ 'ਤੇ ਪਹੁੰਚਣ ਵਾਲਾ ਵਿੰਡੀਜ਼ ਦਾ ਪਹਿਲਾ ਖਿਡਾਰੀ ਬਣ ਗਿਆ ਹੈ।
ਪੰਜਾਬ ਦੇ ਸ਼ੁਭਮਨ ਗਿਲ 'ਤੇ ਕੋਹਲੀ ਦਾ ਬਿਆਨ, ਕਿਹਾ-ਮੈਂ ਉਸ ਦਾ 10 ਫੀਸਦੀ ਵੀ ਨਹੀਂ
ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸੋਮਵਾਰ ਨੂੰ ਕਿਹਾ ਕਿ ਨੌਜਵਾਨ ਖਿਡਾਰੀ ਸ਼ੁਭਮਨ ਗਿਲ ਨੂੰ ਨੈਟਸ 'ਤੇ ਬੱਲੇਬਾਜ਼ੀ ਕਰਦਿਆਂ ਦੇਖ ਉਸ ਨੂੰ ਮਹਿਸੂਸ ਹੋਇਆ ਕਿ ਜਦੋਂ ਉਹ 19 ਸਾਲ ਦੇ ਸੀ ਤਾਂ ਇਸ ਬੱਲੇਬਾਜ਼ ਦੇ ਮੁਕਾਬਲੇ 10 ਫੀਸਦੀ ਵੀ ਨਹੀਂ ਸੀ। ਕੋਹਲੀ ਨੇ ਕਿਹਾ, ''ਕੁਝ ਖਾਸ ਹੁਨਰ ਸਾਹਮਣੇ ਆ ਰਹੇ ਹਨ। ਤੁਸੀਂ ਦੇਖਿਆ ਕਿ ਪ੍ਰਿਥਵੀ ਸ਼ਾਹ ਨੇ ਮੌਕਿਆਂ ਦਾ ਪੂਰਾ ਫਾਇਦਾ ਚੁੱਕਿਆ (ਵੈਸਟਇੰਡੀਜ਼ ਖਿਲਾਫ ਪਹਿਲੇ ਟੈਸਟ ਵਿਚ )। ਸ਼ੁਭਮਨ ਗਿਲ ਵੀ ਕਾਫੀ ਰੋਮਾਂਚਕ ਹੁਨਰ ਹੈ। ਉਸ ਨੇ ਕਿਹਾ, ''ਮੈਂ ਉਸ ਨੂੰ ਨੈਟਸ 'ਤੇ ਬੱਲੇਬਾਜ਼ੀ ਕਰਦਿਆਂ ਦੇਖਿਆ ਅਤੇ ਮੈਂ ਹੈਰਾਨ ਸੀ, ਜਦੋਂ ਮੈਂ 19 ਸਾਲ ਦਾ ਸੀ ਤਾਂ ਉਸਦਾ 10 ਫੀਸਦੀ ਵੀ ਨਹੀਂ ਸੀ।''
ਭਾਰਤੀ ਮਹਿਲਾ ਹਾਕੀ ਟੀਮ ਨੇ ਸਪੇਨ ਨਾਲ ਡਰਾਅ ਖੇਡਿਆ
ਭਾਰਤੀ ਮਹਿਲਾ ਹਾਕੀ ਟੀਮ ਨੇ ਪਹਿਲਾ ਮੁਕਾਬਲਾ ਨੇੜਲੇ ਫਰਕ ਨਾਲ ਹਾਰ ਜਾਣ ਤੋਂ ਬਾਅਦ ਦੂਜੇ ਕੌਮਾਂਤਰੀ ਹਾਕੀ ਮੈਚ ਵਿਚ ਸਪੇਨ ਨਾਲ 1-1 ਨਾਲ ਡਰਾਅ ਖੇਡਿਆ। ਗੁਰਜੀਤ ਕੌਰ ਨੇ ਭਾਰਤ ਲਈ 43ਵੇਂ ਮਿੰਟ ਵਿਚ ਗੋਲ ਕੀਤਾ ਪਰ ਮੇਜ਼ਬਾਨ ਟੀਮ ਲਈ ਛੇ ਮਿੰਟ ਬਾਅਦ ਮਾਰੀਆ ਟੋਸਟ ਨੇ ਬਰਾਬਰੀ ਦਾ ਗੋਲ ਕਰ ਦਿੱਤਾ। ਪਹਿਲੇ ਮੈਚ ਵਿਚ ਸਪੇਨ ਨੇ ਭਾਰਤ ਨੂੰ 3-2 ਨਾਲ ਹਰਾਇਆ ਸੀ ਪਰ ਇਸ ਮੈਚ ਵਿਚ ਭਾਰਤ ਦਾ ਪ੍ਰਦਰਸ਼ਨ ਬਿਹਤਰ ਰਿਹਾ।
ਲੜੀ ਆਪਣੇ ਨਾਂ ਕਰਨ ਉਤਰੇਗੀ ਭਾਰਤੀ ਮਹਿਲਾ ਟੀਮ
ਭਾਰਤੀ ਮਹਿਲਾ ਕ੍ਰਿਕਟ ਟੀਮ ਨਿਊਜ਼ੀਲੈਂਡ ਵਿਰੁੱਧ ਦੂਜੇ ਵਨ ਡੇ ਕ੍ਰਿਕਟ ਮੈਚ ਵਿਚ ਮੰਗਲਵਾਰ ਨੂੰ ਉਤਰੇਗੀ ਤਾਂ ਉਸ ਦਾ ਇਰਾਦਾ ਇਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਆਈ. ਸੀ. ਸੀ. ਮਹਿਲਾ ਚੈਂਪੀਅਨਸ਼ਿਪ ਅੰਕ ਸੂਚੀ ਵਿਚ ਆਪਣੀ ਸਥਿਤੀ ਮਜ਼ਬੂਤ ਕਰਨ ਦਾ ਹੋਵੇਗਾ। ਭਾਰਤੀ ਮਹਿਲਾ ਟੀਮ ਨੇ ਮੈਦਾਨ ਤੋਂ ਬਾਹਰ ਦੇ ਵਿਵਾਦਾਂ ਨੂੰ ਭੁੱਲ ਕੇ ਤਿੰਨ ਮੈਚਾਂ ਦੀ ਲੜੀ ਵਿਚ ਸ਼ਾਨਦਾਰ ਸ਼ੁਰੂਆਤ ਕੀਤੀ। ਆਈ. ਸੀ. ਸੀ. ਮਹਿਲਾ ਚੈਂਪੀਅਨਸ਼ਿਪ ਲੜੀ ਦੇ ਪਹਿਲੇ ਮੈਚ ਵਿਚ ਭਾਰਤ ਨੇ ਨਿਊਜ਼ੀਲੈਂਡ ਨੂੰ 9 ਵਿਕਟਾਂ ਨਾਲ ਹਰਾਇਆ।
ਆਈ. ਸੀ. ਸੀ. ਨੇ ਰਾਇਡੂ ਨੂੰ ਗੇਂਦਬਾਜ਼ੀ ਤੋਂ ਕੀਤਾ ਮੁਅੱਤਲ
ਭਾਰਤੀ ਕ੍ਰਿਕਟਰ ਅੰਬਾਤੀ ਰਾਇਡੂ ਨੂੰ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਸ਼ੱਕੀ ਗੇਂਦਬਾਜ਼ੀ ਐਕਸ਼ਨ ਕਾਰਨ ਗੇਂਦਬਾਜ਼ੀ ਕਰਨ ਤੋਂ ਮੁਅੱਤਲ ਕਰ ਦਿੱਤਾ ਹੈ। 13 ਜਨਵਰੀ ਨੂੰ ਆਸਟੇਰਲੀਆ ਵਿਰੁੱਧ ਪਹਿਲੇ ਵਨ ਡੇ ਮੈਚ ਵਿਚ ਰਾਇਡੂ ਦੇ ਸ਼ੱਕੀ ਗੇਂਦਬਾਜ਼ੀ ਐਕਸ਼ਨ ਦੀ ਸ਼ਿਕਾਇਤ ਕੀਤੀ ਸੀ। ਆਈ. ਸੀ. ਸੀ. ਵਲੋਂ ਸੋਮਵਾਰ ਨੂੰ ਜਾਰੀ ਬਿਆਨ ਅਨੁਸਾਰ ਭਾਰਤੀ ਖਿਡਾਰੀ ਨੇ ਆਪਣੇ ਐਕਸ਼ਨ ਦੀ ਸ਼ਿਕਾਇਤ ਹੋਣ ਦੇ 14 ਦਿਨਾਂ ਦੀ ਨਿਰਧਾਰਿਤ ਮਿਆਦ ਦੇ ਅੰਦਰ ਆਪਣੇ ਗੇਂਦਬਾਜ਼ੀ ਐਕਸ਼ਨ ਦਾ ਟੈਸਟ ਨਹੀਂ ਦਿੱਤਾ, ਇਸ ਲਈ ਉਸ ਨੂੰ ਤੁਰੰਤ ਪ੍ਰਭਾਵ ਨਾਲ ਗੇਂਦਬਾਜ਼ੀ ਤੋਂ ਮੁਅੱਤਲ ਕੀਤਾ ਜਾਂਦਾ ਹੈ।
ਪੁਜਾਰਾ ਦੇ ਅਜੇਤੂ ਸੈਂਕੜੇ ਨਾਲ ਸੌਰਾਸ਼ਟਰ ਰਣਜੀ ਟਰਾਫੀ ਦੇ ਫਾਈਨਲ 'ਚ
ਸ਼੍ਰੀਮਾਨ ਭਰੋਸੇਮੰਦ ਚੇਤੇਸ਼ਵਰ ਪੁਜਾਰਾ ਦੀਆਂ ਅਜੇਤੂ 131 ਦੌੜਾਂ ਦੀ ਬਦੌਲਤ ਸੌਰਾਸ਼ਟਰ ਨੇ ਕਰਨਾਟਕ ਨੂੰ 5ਵੇਂ ਤੇ ਆਖਰੀ ਦਿਨ ਸੋਮਵਾਰ ਨੂੰ 5 ਵਿਕਟਾਂ ਨਾਲ ਹਰਾ ਕੇ ਰਣਜੀ ਟਰਾਫੀ ਦੇ ਫਾਈਨਲ ਵਿਚ ਜਗ੍ਹਾ ਬਣਾ ਲਈ। ਸੌਰਾਸ਼ਟਰ ਦਾ 3 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਫਾਈਨਲ ਮੁਕਾਬਲੇ ਵਿਚ ਵਿਦਰਭ ਨਾਲ ਮੁਕਾਬਲਾ ਹੋਵੇਗਾ। ਸੌਰਾਸ਼ਟਰ ਦੀ ਟੀਮ 2015-16 ਤੋਂ ਬਾਅਦ ਫਾਈਨਲ ਵਿਚ ਪਹੁੰਚੀ ਹੈ। ਸੌਰਾਸ਼ਟਰ ਦਾ ਇਹ ਓਵਰਆਲ ਤੀਜਾ ਫਾਈਨਲ ਹੈ। ਰਣਜੀ ਟਰਾਫੀ ਦੇ ਸੈਮੀਫਾਈਨਲ ਮੈਚ ਦੇ ਪੰਜਵੇਂ ਦਿਨ ਲੰਚ ਤੋਂ ਪਹਿਲਾਂ ਹੀ ਸੌਰਾਸ਼ਟਰ ਨੇ ਕਰਨਾਟਕ ਨੂੰ ਹਰਾ ਦਿੱਤਾ। ਪੁਜਾਰਾ ਨੂੰ 'ਮੈਨ ਆਫ ਦਿ ਮੈਚ' ਦਾ ਐਵਾਰਡ ਦਿੱਤਾ ਗਿਆ। ਸੌਰਾਸ਼ਟਰ ਦੇ ਸਾਹਮਣੇ 279 ਦੌੜਾਂ ਦਾ ਟੀਚਾ ਸੀ ਤੇ ਉਸ ਨੇ 5 ਵਿਕਟਾਂ 'ਤੇ 282 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ। ਪੁਜਾਰਾ ਨੇ 266 ਗੇਂਦਾਂ ਵਿਚ 17 ਚੌਕਿਆਂ ਦੀ ਮਦਦ ਨਾਲ ਅਜੇਤੂ 131 ਦੌੜਾਂ ਬਣਾਈਆਂ ਜਦਕਿ ਸ਼ੈਲਡਨ ਜੈਕਸਨ ਨੇ 217 ਗੇਂਦਾਂ ਵਿਚ 15 ਚੌਕਿਆਂ ਦੀ ਮਦਦ ਨਾਲ 100 ਦੌੜਾਂ ਬਣਾਈਆਂ। ਦੋਵਾਂ ਵਿਚਾਲੇ ਚੌਥੀ ਵਿਕਟ ਲਈ 214 ਦੌੜਾਂ ਦੀ ਮੈਚ ਜੇਤੂ ਸਾਂਝੇਦਾਰੀ ਹੋਈ।
ਗੁਜਰਾਤੀ ਨਾਲ ਖੇਡ ਕੇ ਸਾਂਝੇ ਤੀਜੇ ਸਥਾਨ 'ਤੇ ਰਹੇ ਆਨੰਦ
ਭਾਰਤੀ ਧਾਕੜ ਅਤੇ 5 ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਟਾਟਾ ਸਟੀਲ ਮਾਸਟਰਸ ਸ਼ਤਰੰਜ ਟੂਰਨਾਮੈਂਟ ਦੇ 13ਵੇਂ ਅਤੇ ਆਖਰੀ ਦੌਰ ਵਿਚ ਹਮਵਤਨ ਵਿਦਿਤ ਗੁਜਰਾਤੀ ਦੇ ਨਾਲ ਡਰਾਅ ਖੇਡ ਕੇ ਸਾਂਝੇ ਤੀਜੇ ਸਥਾਨ 'ਤੇ ਰਹੇ। ਆਨੰਦ ਨੇ 3 ਬਾਜ਼ੀਆਂ ਜਿੱਤੀਆਂ। ਉਸ ਨੇ ਚੈਂਪੀਅਨ ਬਣੇ ਮੈਗਨਸ ਕਾਰਲਸਨ ਨਾਲ ਇਕ ਮੈਚ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ 9 ਬਾਜ਼ੀਆਂ ਉਨ੍ਹਾਂ ਡਰਾਅ ਖੇਡੀਆਂ। ਇਸ ਤਰ੍ਹਾਂ ਨਾਲ ਉਨ੍ਹਾਂ ਦੇ 7.5 ਅੰਕ ਰਹੇ ਅਤੇ ਉਨ੍ਹਾਂ ਦੀ ਮੌਜੂਦਾ ਰੇਟਿੰਗ ਵਿਚ 6 ਅੰਕ ਜੁੜੇ ਹਨ। ਉਹ ਵਿਸ਼ਵ ਰੈਂਕਿੰਗ ਵਿਚ 6ਵੇਂ ਸਥਾਨ 'ਤੇ ਹਨ। ਕਾਰਲਸਨ ਨੇ ਆਖਰੀ ਦੌਰ ਵਿਚ ਨੀਦਰਲੈਂਡ ਦੇ ਅਨੀਸ਼ ਗਿਰੀ ਨਾਲ ਬਾਜ਼ੀ ਡਰਾਅ ਖੇਡ ਕੇ ਖਿਤਾਬ ਜਿੱਤਿਆ। ਉਸ ਦੇ 9 ਅੰਕ ਰਹੇ। ਗਿਰੀ ਨੇ 8.5 ਅੰਕਲ ਲੈ ਕੇ ਦੂਜਾ ਸਥਾਨ ਹਾਸਲ ਕੀਤਾ। ਕਾਰਲਸਨ ਦੀ ਇਹ ਸੁਪਰ ਟੂਰਨਾਮੈਂਟ ਵਿਚ 7ਵੀਂ ਜਿੱਤ ਹੈ। ਆਨੰਦ ਨੇ 5 ਵਾਰ ਇੱਥੇ ਖਿਤਾਬ ਜਿੱਤਿਆ ਹੈ। ਆਨੰਦ ਤੋਂ ਇਲਾਵਾ ਰੂਸ ਦੇ ਇਆਨ ਨੇਪੋਮਿਨਿਆਚੀ ਅਤੇ ਚੀਨ ਦੇ ਡਿੰਗ ਲੀਰੇਨ ਸਾਂਝੇ ਤੀਜੇ ਸਥਾਨ 'ਤੇ ਰਹੇ। ਗੁਜਰਾਤੀ ਨੇ ਚੋਟੀ ਸਮੂਹ ਵਿਚ ਖੁਜ ਨੂੰ ਸਾਬਤ ਕੀਤਾ ਅਤੇ 7 ਅੰਕ ਲੈ ਕੇ 6ਵੇਂ ਸਥਾਨ 'ਤੇ ਰਹੇ। ਸਿ ਨਾਲ ਉਸ ਦੇ ਫਿਰ ਤੋਂ 2700 ਤੋਂ ਵੱਧ ਰੇਟਿੰਗ ਹੋ ਜਾਵੇਗੀ।
ਹਾਰਦਿਕ ਨੇ ਕੀਤਾ ਟਵੀਟ— THANK U , ਫੈਨਸ ਨੇ ਲਿਖਿਆ- ਅੱਜ ਤੂੰ ਵਧੀਆ ਕਰਕੇ ਆਇਆ
ਮਹਿਲਾਵਾਂ 'ਤੇ ਇਤਰਾਜ਼ਯੋਗ ਟਿਪਣੀ ਨੂੰ ਲੈ ਕੇ ਬੀ. ਸੀ. ਸੀ. ਆਈ. ਵਲੋਂ ਲਗਾਈ ਗਈ ਪਾਬੰਦੀ ਤੋਂ ਬਾਅਦ ਵਾਪਸੀ ਕਰ ਰਹੇ ਹਾਰਦਿਕ ਪੰਡਯਾ ਇਕ ਵਾਰ ਫਿਰ ਤੋਂ ਸੋਸ਼ਲ ਮੀਡੀਆ 'ਤੇ ਟਰੋਲ ਹੋ ਗਏ। ਦਰਅਸਲ ਹਾਰਦਿਕ ਪੰਡਯਾ ਨੇ ਭਾਰਤ ਦੇ ਤੀਜੇ ਵਨ ਡੇ 'ਚ ਜਿੱਤ ਤੋਂ ਬਾਅਦ ਆਪਣੇ ਟਵਿਟਰ ਅਕਾਊਂਟ 'ਤੇ ਮੈਚ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸੀ। ਨਾਲ ਹੀ ਕੈਪਸ਼ਨ ਦਿੱਤੀ ਸੀ- ਥੈਂਕ ਯੂ। ਹਾਰਦਿਕ ਪੰਡਯਾ ਨੇ ਪੋਸਟ ਸ਼ੇਅਰ ਕੀਤੀ ਹੀ ਸੀ ਕਿ ਕ੍ਰਿਕਟ ਫੈਨਸ ਨੇ ਉਸਦੀ ਖੂਬ ਕਲਾਸ ਲਗਾਈ। ਇਕ ਫੈਨਸ ਨੇ ਲਿਖਿਆ- ਅੱਜ ਤੂੰ ਕਰਕੇ ਆਇਆ ਹੈ। ਪਾਬੰਦੀ ਹੱਟਣ ਤੋਂ ਬਾਅਦ ਹਾਰਦਿਕ ਨੂੰ ਨਿਊਜ਼ੀਲੈਂਡ ਵਿਰੁੱਧ ਤੀਜੇ ਵਨ ਡੇ 'ਚ ਸ਼ਾਮਲ ਕੀਤਾ ਸੀ।