T-20 WC: ਪਹਿਲੀ ਵਾਰ ਵਿਸ਼ਵ ਕੱਪ ਫਾਈਨਲ 'ਚ ਪਹੁੰਚੀ ਦੱਖਣੀ ਅਫ਼ਰੀਕਾ, ਅਫ਼ਗਾਨਿਸਤਾਨ ਨੂੰ ਦਿੱਤੀ ਕਰਾਰੀ ਹਾਰ
Thursday, Jun 27, 2024 - 08:38 AM (IST)
ਸਪੋਰਟਸ ਡੈਸਕ: ਦੱਖਣੀ ਅਫ਼ਰੀਕਾ ਨੇ ਟੀ-20 ਵਿਸ਼ਵ ਕੱਪ ਦੇ ਸੈਮੀਫ਼ਾਈਨਲ ਮੁਕਾਬਲੇ ਵਿਚ ਅਫ਼ਗਾਨਿਸਤਾਨ ਨੂੰ ਕਰਾਰੀ ਹਾਰ ਦੇ ਕੇ ਪਹਿਲੀ ਵਾਰ ਵਿਸ਼ਵ ਕੱਪ ਫ਼ਾਈਨਲ ਵਿਚ ਜਗ੍ਹਾ ਬਣਾ ਲਈ ਹੈ। ਉਸ ਦਾ ਖ਼ਿਤਾਬੀ ਮੁਕਾਬਲਾ ਭਾਰਤ ਤੇ ਇੰਗਲੈਂਡ ਵਿਚਾਲੇ ਖੇਡੇ ਜਾਣ ਵਾਲੇ ਦੂਜੇ ਸੈਮੀਫ਼ਾਈਨਲ ਦੀ ਜੇਤੂ ਟੀਮ ਨਾਲ ਹੋਵੇਗਾ। ਟੂਰਨਾਮੈਂਟ ਵਿਚ ਵੱਡੇ ਉਲਟਫੇਰ ਕਰ ਕੇ ਸੈਮੀਫ਼ਾਈਨਲ ਤਕ ਪਹੁੰਚੀ ਅਫ਼ਗਾਨਿਸਤਾਨ ਦੀ ਟੀਮ ਲਈ ਇਹ ਟੂਰਨਾਮੈਂਟ ਨਾ ਭੁੱਲਣਯੋਗ ਹੋਵੇਗਾ। ਹਾਲਾਂਕਿ ਸੈਮੀਫ਼ਾਈਨਲ ਮੁਕਾਬਲੇ ਵਿਚ ਉਨ੍ਹਾਂ ਦਾ ਪ੍ਰਦਰਸ਼ਨ ਬੇਹੱਦ ਨਿਰਾਸ਼ਾਨਕ ਰਿਹਾ ਤੇ ਉਨ੍ਹਾਂ ਦਾ ਫ਼ਾਈਨਲ ਖੇਡਣ ਦਾ ਸੁਫ਼ਨਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਖ਼ਤਮ ਹੋ ਗਿਆ।
ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ ਵਾਸੀਆਂ ਨਾਲ ਕੀਤਾ ਪਹਿਲਾ ਵਾਅਦਾ ਪੁਗਾਉਣ ਦੀ ਤਿਆਰੀ 'ਚ ਰਾਜਾ ਵੜਿੰਗ
ਦੱਖਣੀ ਅਫ਼ਰੀਕਾ ਨੇ ਸ਼ਾਨਦਾਰ ਗੇਂਦਬਾਜ਼ੀ ਦਾ ਨਮੂਨਾ ਪੇਸ਼ ਕਰਦਿਆਂ ਅਫ਼ਗਾਨਿਸਤਾਨ ਦੀ ਟੀਮ ਨੂੰ ਮਹਿਜ਼ 56 ਦੌੜਾਂ 'ਤੇ ਹੀ ਢੇਰ ਕਰ ਦਿੱਤਾ। ਮਾਰਕੋ ਜੈਨਸਨ ਨੇ 16 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਜਦਕਿ ਕਗੀਸੋ ਰਬਾਡਾ ਨੇ 14 ਤੇ ਨਾਰਕੀਆ ਨੇ 7 ਦੌੜਾਂ ਦੇ ਕੇ 2-2 ਵਿਕਟਾਂ ਆਪਣੇ ਨਾਂ ਕੀਤੀਆਂ। ਇੰਝ ਅਫ਼ਗਾਨਿਸਤਾਨ ਦੀ ਟੀਮ ਨੇ ਸੈਮੀਫ਼ਾਈਨਲ ਜਿਹੇ ਮਹੱਤਵਪੂਰਨ ਮੁਕਾਬਲੇ ਵਿਚ ਦੱਖਣੀ ਅਫ਼ਰੀਕਾ ਨੂੰ 20 ਔਵਰਾਂ ਵਿਚ 57 ਦੌੜਾਂ ਦਾ ਟੀਚਾ ਦਿੱਤਾ।
ਮਹੱਤਵਪੂਰਨ ਮੁਕਾਬਲੇ ਵਿਚ ਛੋਟੇ ਟੀਚੇ ਦਾ ਪਿੱਛਾ ਕਰਨ ਉਤਰੀ ਦੱਖਣੀ ਅਫ਼ਰੀਕਾ ਦੀ ਟੀਮ ਨੂੰ ਜਿੱਤ ਹਾਸਲ ਕਰਨ ਵਿਚ ਕੋਈ ਮੁਸ਼ਕਲ ਨਹੀਂ ਆਈ। ਦੱਖਣੀ ਅਫ਼ਰੀਕਾ ਨੇ 8.5 ਓਵਰਾਂ ਵਿਚ ਹੀ 1 ਵਿਕਟ ਗੁਆ ਕੇ 60 ਦੌੜਾਂ ਬਣਾ ਲਈਆਂ ਤੇ ਇਹ ਮੁਕਾਬਲਾ ਆਪਣੇ ਨਾਂ ਕਰਨ ਦੇ ਨਾਲ-ਨਾਲ ਫ਼ਾਈਨਲ ਵਿਚ ਜਗ੍ਹਾ ਵੀ ਪੱਕੀ ਕਰ ਲਈ। ਰੀਜ਼ਾ ਹੈਂਡਰਿਕਸ ਨੇ 29 ਅਤੇ ਮਾਰਕ੍ਰਮ ਨੇ 23 ਦੌੜਾਂ ਦੀ ਅਜੇਤੂ ਪਾਰੀ ਨਾਲ ਟੀਮ ਨੂੰ ਜਿੱਤ ਦੁਆਈ। ਸ਼ਾਨਦਾਰ ਗੇਂਦਬਾਜ਼ੀ ਕਰਨ ਵਾਲੇ ਮਾਰਕੋ ਜੈਨਸਨ ਨੂੰ ਮੈਨ ਆਫ਼ ਦਿ ਮੈਚ ਚੁਣਿਆ ਗਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8