ਦੂਜੇ ਟੀ20 ਮੈਚ ''ਚ ਦੱਖਣੀ ਅਫਰੀਕਾ ਨੇ ਸ਼੍ਰੀਲੰਕਾਂ ਨੂੰ ਹਰਾ ਕੇ ਕੀਤਾ ਸੀਰੀਜ਼ ''ਤੇ ਕਬਜਾ
Saturday, Mar 23, 2019 - 01:25 PM (IST)

ਸਪੋਰਟਸ ਡੈਸਕ— ਰੀਜਾ ਹੈਂਡਰਿਕਸ ਤੇ ਰੈਸੀ ਵੈਨ ਡੇਰ ਡੂਸਨ ਦੀ ਅਰਧ ਸੈਂਕੜੇ ਦੀ ਪਾਰੀ ਦੇ ਦੱਮ 'ਤੇ ਦੱਖਣ ਅਫਰੀਕਾ ਨੇ ਸੈਂਚੂਰੀਅਨ 'ਚ ਖੇਡੇ ਗਏ ਦੂਜੇ ਟੀ20 ਮੈਚ 'ਚ ਸ਼੍ਰੀਲੰਕਾ ਨੂੰ 16 ਦੌੜਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਮੇਜ਼ਬਾਨ ਦ. ਅਫਰੀਕਾ ਨੇ ਤਿੰਨ ਮੈਚਾਂ ਦੀ ਸੀਰੀਜ਼ 'ਚ 2-0 ਦੀ ਬੜ੍ਹਤ ਹਾਸਲ ਕਰ ਲਈ ਹੈ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਪ੍ਰੋਟਿਆਜ਼ ਟੀਮ ਨੂੰ ਦੂਜੇ ਹੀ ਓਵਰ 'ਚ ਏਡੇਨ ਮਾਰਕਰਮ (3) ਦੇ ਰੂਪ 'ਚ ਵੱਡਾ ਝੱਟਕਾ ਲਗਾ। ਸਿਰਫ਼ 9 ਦੌੜਾਂ 'ਤੇ ਪਹਿਲੀ ਵਿਕਟ ਡਿਗਣ ਤੋਂ ਬਾਅਦ ਹੈਂਡਰਿਕਸ ਨੇ ਵੈਨ ਡੇਰ ਡੂਸਨ ਦੇ ਨਾਲ ਮਿਲ ਕੇ 116 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਬਣਾਈ।
ਹੈਂਡਰਿਕਸ ਨੇ 46 ਗੇਂਦਾਂ ਦਾ ਸਾਹਮਣਾ ਕਰਦੇ ਹੋਏ 9 ਚੌਕਿਆਂ ਦੀ ਮਦਦ ਨਾਲ 65 ਦੌੜਾਂ ਬਣਾਈਆਂ। ਉਥੇ ਹੀ ਵੈਨ ਡਰ ਡੂਸਨ ਨੇ 44 ਗੇਂਦਾਂ 'ਤੇ 4 ਚੌਕੇ ਤੇ 3 ਛੱਕਿਆਂ ਦੀ ਮਦਦ ਨਾਲ 64 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਕਪਤਾਨ ਜੇ. ਪੀ ਡੂਮਿਨੀ ਨੇ ਵੀ ਨਾਬਾਦ 33 ਦੌੜਾਂ ਦੀ ਪਾਰੀ ਖੇਡੀ, ਜਿਸ ਦੀ ਮਦਦ ਨਾਲ ਦੱਖਣ ਅਫਰੀਕਾ ਟੀਮ ਨੇ 20 ਓਵਰ 'ਚ ਤਿੰਨ ਵਿਕਟ ਗੁਆ ਕੇ 180 ਦੌੜਾਂ ਬਣਾਈਆਂ।
ਟੀਚੇ ਦਾ ਪਿੱਛਾ ਕਰਨ ਉਤਰੀ ਸ਼੍ਰੀਲੰਕਾ ਦਾ ਬੱਲੇਬਾਜ਼ੀ ਕ੍ਰਮ ਪੂਰੀ ਤਰ੍ਹਾਂ ਫਲਾਪ ਰਿਹਾ। ਟੀਮ 20 ਓਵਰ 'ਚ 9 ਵਿਕਟ ਗੁਆ ਕੇ ਸਿਰਫ 164 ਦੌੜਾਂ ਹੀ ਬਣਾ ਸਕੀ। ਸ਼੍ਰੀਲੰਕਾ ਤੋਂ ਸਭ ਤੋਂ ਜ਼ਿਆਦਾ 84 ਦੌੜਾਂ ਦੀ ਪਾਰੀ ਇਸੁਰੂ ਉਡਾਨਾ ਨੇ ਖੇਡੀ ਜੋ ਕਿ 48 ਗੇਂਦਾਂ ਖੇਡ ਕੇ ਨਾਬਾਦ ਰਹੇ।
ਦੱਖਣੀ ਅਫਰੀਕਾ ਦੇ ਵੱਲੋਂ ਕਰਿਸ ਮਾਰਿਸ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 4 ਓਵਰ 'ਚ 32 ਦੌੜਾਂ ਦੇ ਕੇ ਤਿੰਨ ਵਿਕਟ ਚਟਕਾਏ। ਸੀਨੀਅਰ ਤੇਜ਼ ਗੇਂਦਬਾਜ਼ ਡੇਲ ਸਟੇਨ ਤੇ ਤਬਰੇਜ਼ ਸ਼ਮਸੀ ਨੇ 2-2 ਸਫਲਤਾਵਾਂ ਹਾਸਲ ਕੀਤੀਆਂ। ਪਲੇਅਰ ਆਫ ਦ ਮੈਚ ਦਾ ਖਿਤਾਬ ਰੈਸੀ ਵੈਨ ਡੇਰ ਡੂਸਨ ਨੂੰ ਮਿਲਿਆ।