ਸਾਬਕਾ ਧਾਕੜ ਭਾਰਤੀ ਕ੍ਰਿਕਟਰ ਸੌਰਵ ਗਾਂਗੁਲੀ ਬਾਰੇ ਜਾਣੋ ਕੁਝ ਦਿਲਚਸਪ ਤੱਥ
Sunday, Jan 03, 2021 - 04:01 PM (IST)
ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਦੇ ਇਤਿਹਾਸ ’ਚ ਸੌਰਵ ਗਾਂਗੁਲੀ ਆਪਣਾ ਖ਼ਾਸ ਸਥਾਨ ਰੱਖਦਾ ਹੈ। ਗਾਂਗੁਲੀ ਨੇ ਕ੍ਰਿਕਟ ਜਗਤ ਦੇ ਭਾਰਤ ਨੂੰ ਦੇਖਣ ਦੇ ਨਜ਼ਰੀਏ ਨੂੰ ਹੀ ਬਦਲ ਦਿੱਤਾ। ਗਾਂਗੁਲੀ ਦੀ ਹੀ ਅਗਵਾਈ ਹੇਠ ਭਾਰਤ ਨੇ ਵਿਦੇਸ਼ਾਂ ’ਚ ਮੈਚ ਤੇ ਟੂਰਨਾਮੈਂਟ ਨਿਯਮਿਤ ਤੌਰ ’ਤੇ ਜਿੱਤਣਾ ਸ਼ੁਰੂ ਕੀਤਾ। ਉਸ ਦੀ ਖੇਡ ਦੇ ਹਰ ਪਹਿਲੂ ’ਤੇ ਬਹੁਤ ਹੀ ਸੁਲਝੀ ਹੋਈ ਸੋਚ ਸੀ ਭਾਵੇਂ ਉਹ ਬੱਲੇਬਾਜ਼ੀ ਹੋਵੇ ਜਾਂ ਕਪਤਾਨੀ। ਸੀਮਿਤ ਓਵਰਾਂ ਦੇ ਕ੍ਰਿਕਟ ’ਚ ਗਾਂਗੁਲੀ ਸਭ ਤੋਂ ਜ਼ਿਆਦਾ ਹਮਲਾਵਰ ਬੱਲੇਬਾਜ਼ਾਂ ਦੇ ਰੂਪ ’ਚ ਜਾਣੇ ਜਾਂਦੇ ਹਨ।
1. ਜਨਮ
ਸੌਰਵ ਚੰਡੀਦਾਸ ਗਾਂਗੁਲੀ ਦਾ ਜਨਮ 8 ਜੁਲਾਈ 1972 ’ਚ ਬੰਗਾਲ ਦੀ ਰਾਜਧਾਨੀ ਕਲਕਤਾ (ਹੁਣ ਕੋਲਕਾਤਾ) ’ਚ ਹੋਇਆ ਸੀ।
2. ਸ਼ਾਹੀ ਜ਼ਿੰਦਗੀ
ਸੌਰਵ ਗਾਂਗੁਲੀ ਚੰਡੀਦਾਸ ਤੇ ਨਿਰੂਪਾ ਗਾਂਗੁਲੀ ਦੇ ਸਭ ਤੋਂ ਛੋਟੇ ਪੁੱਤਰ ਹਨ। ਸੌਰਵ ਕੋਲਕਾਤਾ ਦੇ ਇਕ ਬੇਹੱਦ ਅਮੀਰ ਪਰਿਵਾਰ ਨਾਲ ਸਬੰਧ ਰਖਦੇ ਸਨ। ਦੱਖਣੀ ਕੋਲਕਾਤਾ ਦੇ ਬਹਾਲਾ ’ਚ ਸੌਰਵ ਸਾਂਝੇ ਪਰਿਵਾਰ ਦੇ ਘਰ ’ਚ ਲਗਭਗ 30 ਮੈਂਬਰਾਂ ਨਾਲ ਰਹਿੰਦੇ ਹਨ, ਜਿਸ ’ਚ 45 ਤੋਂ ਵੱਧ ਕਮਰੇ ਹਨ।
3. ਰਾਜਸੀ ਨਿਕਨੇਮ
ਸੌਰਵ ਨੂੰ ਬਚਪਨ ’ਚ ਉਸ ਦੇ ਮਾਤਾ-ਪਿਤਾ ਵੱਲੋਂ ਪਿਆਰ ਨਾਲ ‘ਮਹਾਰਾਜਾ’ ਕਿਹਾ ਜਾਂਦਾ ਸੀ। ਬਾਅਦ ’ਚ ਆਪਣੇ ਖੇਡ ਕਰੀਅਰ ਦੌਰਾਨ ਮਸ਼ਹੂਰ ਕੁਮੈਂਟੇਟਰ ਜਿਓਰਫੀ ਬਾਈਕਾਟ ਨੇ ਉਸ ਨੂੰ ‘ਪਿ੍ਰੰਸ ਆਫ਼ ਕਲਕੱਤਾ’ ਦਾ ਨਾਂ ਦਿੱਤਾ।
4. ਕੌਮਾਂਤਰੀ ਡੈਬਿਊ
ਸੌਰਵ ਗਾਂਗਲੀ ਨੇ 1991 ’ਚ ਕੌਮਾਂਤਰੀ ਕ੍ਰਿਕਟ ’ਚ ਸ਼ੁਰੂਆਤ ਕੀਤੀ। ਹਾਲਾਂਕਿ ਖ਼ਰਾਬ ਪ੍ਰਦਰਸ਼ਨ ਕਾਰਨ ਉਸ ਨੂੰ ਛੇਤੀ ਹੀ ਟੀਮ ’ਚੋਂ ਬਾਹਰ ਕਰ ਦਿੱਤਾ ਗਿਆ।
5. ਸ਼ਾਨਦਾਰ ਟੈਸਟ ਡੈਬਿਊ
ਗਾਂਗੁਲੀ ਨੇ 1996 ’ਚ ਇੰਗਲੈਂਡ ਖ਼ਿਲਾਫ਼ ਟੈਸਟ ਕ੍ਰਿਕਟ ’ਚ ਡੈਬਿਊ ਕੀਤਾ। ਉਨ੍ਹਾਂ ਨੇ ਪਹਿਲੀ ਪਾਰੀ ’ਚ ਸ਼ਾਨਦਾਰ ਸੈਂਕੜਾ ਜੜਿਆ। ਇਸ ਦੇ ਨਾਲ ਹੀ ਉਹ ਹੈਰੀ ਗ੍ਰਾਹਮ ਤੇ ਜਾਨ ਹੈਂਪਸ਼ਾਇਰ ਦੇ ਬਾਅਦ ਲਾਰਡਸ ’ਚ ਡੈਬਿਊ ’ਤੇ ਅਜਿਹੀ ਉਪਲਬਧੀ ਹਾਸਲ ਕਰਨ ਵਾਲੇ ਦੂਨੀਆ ਦੇ ਤੀਜੇ ਕ੍ਰਿਕਟਰ ਬਣੇ।
6. ਧਾਰਮਿਕ ਵਿਅਕਤੀ
ਸੌਰਵ ਬਹੁਤ ਹੀ ਧਾਰਮਿਕ ਵਿਅਕਤੀ ਹਨ ਤੇ ਹਰ ਮੰਗਲਵਾਰ ਨੂੰ ਵਰਤ ਰਖਦੇ ਹਨ।
7. ਗਾਂਗੁਲੀ ਦੇ ਨਾਂ ’ਤੇ ਰੱਖਿਆ ਗਿਆ ਸੜਕ ਦਾ ਨਾਂ
ਪੱਛਮੀ ਬੰਗਾਲ ਦੇ ਉੱਤਰ 24 ਪਰਗਨਾ ਜ਼ਿਲੇ ਦੇ ਰਾਜਾਰਹਾਟ ’ਚ ਇਕ 1.5 ਕਿਲੋਮੀਟਰ ਸੜਕ ਦਾ ਨਾਂ ਸੌਰਵ ਗਾਂਗੁਲੀ ਦੇ ਨਾਂ ’ਤੇ ਰੱਖਿਆ ਗਿਆ ਹੈ।
8. ਸ਼ਾਨਦਾਰ ਤਿਹਰਾ ਪ੍ਰਦਰਸ਼ਨ
ਉਹ ਵਨ-ਡੇ ਕ੍ਰਿਕਟ ਦੇ ਇਤਿਹਾਸ ’ਚ 10,000 ਦੌੜਾਂ, 100 ਵਿਕਟਾਂ ਤੇ 100 ਕੈਚ ਨਾਲ ਸ਼ਾਨਦਾਰ ਤਿਹਰਾ ਪ੍ਰਦਰਸ਼ਨ ਕਰਨ ਵਾਲੇ ਦੁਨੀਆ ਦੇ ਪੰਜ ਖਿਡਾਰੀਆਂ ’ਚੋਂ ਇਕ ਹਨ। ਬਾਕੀ ਨਾਂ ਤੇਂਦੁਲਕਰ, ਕੈਲਿਸ, ਸਨਥ ਜੈਸੂਰਿਆ ਤੇ ਤਿਲਕਰਤਨੇ ਦਿਲਸ਼ਾਨ ਦੇ ਹਨ।
9. ਹੁਨਰ ਨੂੰ ਉਤਸ਼ਾਹਤ ਕਰਨ ਵਾਲਾ
ਸੌਰਵ ਗਾਂਗੁਲੀ ਹਮੇਸ਼ਾ ਹੀ ਨੌਜਵਾਨ ਹੁਨਰਮੰਦ ਕ੍ਰਿਕਟਰਾਂ ਨੂੰ ਮੌਕਾ ਦੇਣ ’ਚ ਵਿਸ਼ਵਾਸ ਰੱਖਦਾ ਹੈ। ਗਾਂਗੁਲੀ ਦੇ ਇਸ ਗੁਣ ਨੇ ਭਵਿੱਖ ਦੇ ਸੁਪਰਸਟਾਰ ਵਰਿੰਦਰ ਸਹਿਵਾਗ, ਹਰਭਜਨ ਸਿੰਘ, ਯੁਵਰਾਜ ਸਿੰਘ, ਜ਼ਹੀਰ ਖ਼ਾਨ ਤੇ ਹੋਰ ਕਈ ਕ੍ਰਿਕਟਰਾਂ ਨੂੰ ਕ੍ਰਿਕਟ ’ਚ ਆਪਣਾ ਲੋਹਾ ਮਨਵਾਉਣ ਦਾ ਮੌਕਾ ਦਿੱਤਾ।
10. ਸਭ ਤੋਂ ਮਹਾਨ ਵਨ-ਡੇ ਬੱਲੇਬਾਜ਼ਾਂ ’ਚੋਂ ਇਕ
2002 ’ਚ ਵਿਜ਼ਡਨ ਕ੍ਰਿਕਟਰਸ ਅਲਮੈਨੈਕ ਨੇ ਉਨ੍ਹਾਂ ਨੂੰ ਵਿਵੀਅਨ ਰਿਚਰਡਸ, ਸਚਿਨ ਤੇਂਦੁਲਕਰ, ਬ੍ਰਾਇਨ ਲਾਰਾ, ਡੀਨ ਜੋਨਸ ਤੇ ਮਾਈਕਲ ਬੇਵਨ ਦੇ ਬਾਅਦ ਛੇਵਾਂ ਸਭ ਤੋਂ ਵੱਡਾ ਵਨ-ਡੇ ਬੱਲੇਬਾਜ਼ ਦਾ ਦਰਜਾ ਦਿੱਤਾ।