ਇਸ ਵਾਰ IPL ’ਚ ਨਜ਼ਰ ਨਹੀਂ ਆਉਣਗੇ ਤੇਜ਼ ਗੇਂਦਬਾਜ ਜੈਮੀਸਨ, ਦੱਸੀ ਇਹ ਵਜ੍ਹਾ

Thursday, Feb 03, 2022 - 01:18 PM (IST)

ਇਸ ਵਾਰ IPL ’ਚ ਨਜ਼ਰ ਨਹੀਂ ਆਉਣਗੇ ਤੇਜ਼ ਗੇਂਦਬਾਜ ਜੈਮੀਸਨ, ਦੱਸੀ ਇਹ ਵਜ੍ਹਾ

ਆਕਲੈਂਡ (ਭਾਸ਼ਾ)- ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਕਾਇਲ ਜੈਮੀਸਨ ਨੇ ਆਈਸੋਲੇਸ਼ਨ ਅਤੇ ਬਾਇਓ-ਬਬਲ ਤੋਂ ਦੂਰ ਰਹਿਣ, ਘਰ ਵਿਚ ਸਮਾਂ ਬਿਤਾਉਣ ਅਤੇ ਆਪਣੀ ਖੇਡ ਵਿਚ ਸੁਧਾਰ ਕਰਨ ਲਈ ਇਸ ਸਾਲ ਇੰਡੀਅਨ ਪ੍ਰੀਮੀਅਰ ਲੀਗ ਵਿਚ ਨਾ ਖੇਡਣ ਦਾ ਫ਼ੈਸਲਾ ਕੀਤਾ ਹੈ। ਜੈਮੀਸਨ ਪਿਛਲੇ ਸਾਲ ਆਈ.ਪੀ.ਐਲ. ਵਿਚ ਦੂਜੇ ਸਭ ਤੋਂ ਮਹਿੰਗੇ ਖਿਡਾਰੀ ਸਨ, ਜਿਨ੍ਹਾਂ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ ਨੇ 15 ਕਰੋੜ ਰੁਪਏ ਵਿਚ ਖਰੀਦਿਆ ਸੀ। ਜੈਮੀਸਨ ਨੇ ਕ੍ਰਿਕਇੰਫੋ ਨੂੰ ਦੱਸਿਆ, ‘ਮੈਂ ਕਈ ਕਾਰਨਾਂ ਕਰਕੇ ਇਹ ਫ਼ੈਸਲਾ ਲਿਆ ਹੈ। ਪਿਛਲੇ 12 ਮਹੀਨੇ ਬਾਇਓ ਬਬਲ ਅਤੇ ਆਈਸੋਲੇਸ਼ਨ ਵਿਚ ਕਾਫ਼ੀ ਸਮਾਂ ਬਿਤਾਇਆ। ਅਗਲੇ 12 ਮਹੀਨਿਆਂ ਦੇ ਸ਼ਡਿਊਲ ਨੂੰ ਦੇਖਦੇ ਹੋਏ ਹੁਣ ਮੈਂ ਪਰਿਵਾਰ ਨਾਲ ਸਮਾਂ ਬਿਤਾਉਣਾ ਚਾਹੁੰਦਾ ਹਾਂ।’

ਇਹ ਵੀ ਪੜ੍ਹੋ: ਇੰਗਲੈਂਡ ਟੀਮ ਦੇ ਪ੍ਰਬੰਧਕ ਨਿਰਦੇਸ਼ਕ ਐਸ਼ਲੇ ਜਾਈਲਸ ਨੂੰ ਇਸ ਵਜ੍ਹਾ ਕਾਰਨ ਛੱਡਣਾ ਪਿਆ ਅਹੁਦਾ

ਭਾਰਤ ਵਿਰੁੱਧ ਫਰਵਰੀ 2020 ਵਿਚ ਅੰਤਰਰਾਸ਼ਟਰੀ ਕ੍ਰਿਕਟ ਵਿਚ ਡੈਬਿਊ ਕਰਨ ਵਾਲੇ ਜੈਮੀਸਨ 12 ਟੈਸਟ, 5 ਵਨਡੇ ਅਤੇ 8 ਟੀ-20 ਖੇਡ ਚੁੱਕੇ ਹਨ। ਉਨ੍ਹਾਂ ਕਿਹਾ, ‘ਦੂਜੀ ਗੱਲ ਇਹ ਹੈ ਕਿ ਮੈਂ ਅੰਤਰਰਾਸ਼ਟਰੀ ਕ੍ਰਿਕਟ ਲਈ ਬਿਲਕੁਲ ਨਵਾਂ ਹਾਂ। ਅਜੇ 2 ਸਾਲ ਹੀ ਹੋਏ ਹਨ, ਇਸ ਲਈ ਮੈਂ ਆਪਣੀ ਖੇਡ ’ਤੇ ਕੰਮ ਕਰਨਾ ਚਾਹੁੰਦਾ ਹਾਂ।’ ਉਨ੍ਹਾਂ ਕਿਹਾ, ‘ਮੈਨੂੰ ਲੱਗਦਾ ਹੈ ਕਿ ਮੈਂ ਉਸ ਪੱਧਰ ਤੱਕ ਨਹੀਂ ਪਹੁੰਚ ਸਕਿਆ ਜਿੱਥੇ ਮੈਨੂੰ ਹੋਣਾ ਚਾਹੀਦਾ ਹੈ। ਜੇਕਰ ਤਿੰਨਾਂ ਫਾਰਮੈਟਾਂ ਵਿਚ ਖੇਡਣਾ ਹੈ ਤਾਂ ਆਪਣੀ ਖੇਡ ’ਤੇ ਸਖ਼ਤ ਮਿਹਨਤ ਕਰਨੀ ਪਵੇਗੀ।’

ਇਹ ਵੀ ਪੜ੍ਹੋ: ਖੇਡ ਮੰਤਰੀ ਨੇ ਖੇਲੋ ਇੰਡੀਆ ਯੋਜਨਾ 'ਚ ਵਿਸਥਾਰ ਲਈ PM ਮੋਦੀ ਦਾ ਕੀਤਾ ਧੰਨਵਾਦ

ਜੈਮੀਸਨ ਨੇ ਕਿਹਾ ਕਿ ਆਈ.ਪੀ.ਐਲ. ਨਾ ਖੇਡਣ ਦਾ ਫ਼ੈਸਲਾ ਮੁਸ਼ਕਲ ਸੀ ਪਰ ਉਨ੍ਹਾਂ  ਨੂੰ ਉਮੀਦ ਹੈ ਕਿ ਉਹ ਭਵਿੱਖ ਵਿਚ ਲੀਗ ਦਾ ਹਿੱਸਾ ਹੋਣਗੇ। ਉਨ੍ਹਾਂ ਕਿਹਾ, ‘ਸ਼ੁਰੂਆਤ ਵਿਚ ਇਹ ਬਹੁਤ ਮੁਸ਼ਕਲ ਫ਼ੈਸਲਾ ਸੀ। ਮੈਂ ਇਸ ਬਾਰੇ ਬਹੁਤ ਸੋਚਿਆ ਪਰ ਮੈਂ ਆਪਣੇ ਕਰੀਅਰ ’ਤੇ ਧਿਆਨ ਦੇਣਾ ਚਾਹੁੰਦਾ ਹਾਂ ਅਤੇ ਆਪਣੀ ਖੇਡ ’ਤੇ ਕੰਮ ਕਰਨਾ ਚਾਹੁੰਦਾ ਹਾਂ।’

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News