ਸਕਿਲਿੰਗ ਓਪਨ ਸ਼ਤਰੰਜ : ਵਿਦਿਤ ਨੂੰ ਹਰਾ ਕੇ ਅਨੀਸ਼ ਨੇ ਬਣਾਈ ਬੜ੍ਹਤ
Monday, Nov 23, 2020 - 11:43 PM (IST)
ਨਾਸਿਕ (ਮਹਾਰਾਸ਼ਟਰ) (ਨਿਕਲੇਸ਼ ਜੈਨ)– ਭਾਰਤੀ ਆਨਲਾਈਨ ਓਲੰਪਿਆਡ ਸੋਨ ਤਮਗਾ ਜੇਤੂ ਟੀਮ ਦੇ ਕਪਤਾਨ ਗ੍ਰੈਂਡ ਮਾਸਟਰ ਵਿਦਿਤ ਗੁਜਰਾਤੀ ਲਈ ਸਕਿਲਿੰਗ ਓਪਨ ਸ਼ਤਰੰਜ ਵਿਚ ਪਹਿਲਾ ਦਿਨ ਮਿਲਿਆ-ਜੁਲਿਆ ਰਿਹਾ। ਵੈਸੇ ਸਕਿਲਿੰਗ ਓਪਨ ਦੀ ਸ਼ੁਰੂਆਤ ਉਸੇ ਰੋਮਾਂਚ ਦੇ ਨਾਲ ਹੋਈ, ਜਿਸਦੀ ਉਮੀਦ ਕੀਤੀ ਜਾ ਰਹੀ ਸੀ ਤੇ ਸਭ ਤੋਂ ਪਹਿਲੇ ਹੀ ਮੁਕਾਬਲੇ ਵਿਚ ਮਾਊਸ ਸਲਿਪ ਦੀ ਵਜ੍ਹਾ ਨਾਲ ਨਾਰਵੇ ਦੇ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੂੰ ਨਾ ਸਿਰਫ ਆਪਣਾ ਵਜ਼ੀਰ ਸਗੋਂ ਆਪਣਾ ਮੈਚ ਵੀ ਗੁਆਉਣਾ ਪਿਆ ਤੇ ਰੂਸ ਦੇ ਇਯਾਨ ਨੈਪੋਮਨਿਆਚੀ ਨੂੰ ਜਿੱਤ ਦਾ ਪੂਰਾ ਅੰਕ ਹਾਸਲ ਹੋਇਆ। ਦਿਨ ਦਾ ਜੇਤੂ ਅਨੀਸ਼ ਰਿਹਾ ਤੇ ਉਸ ਨੇ 3 ਜਿੱਤਾਂ ਤੇ 2 ਡਰਾਅ ਦੇ ਨਾਲ ਅਜੇਤੂ ਰਹਿੰਦੇ ਹੋਏ 4 ਅੰਕ ਬਣਾਉਣ ਵਿਚ ਸਫਲਤਾ ਹਾਸਲ ਕੀਤੀ। ਵਿਦਿਤ 5 ਰਾਊਂਡਾਂ ਵਿਚ 3 ਡਰਾਅ ਤੇ 2 ਹਾਰ ਦੇ ਨਾਲ 1.5 ਅੰਕ ਬਣਾਉਣ ਵਿਚ ਸਫਲ ਰਿਹਾ ਤੇ ਪਲੇਅ ਆਫ ਦੀ ਦੌੜ ਵਿਚ ਬਣੇ ਰਹਿਣ ਲਈ ਹੁਣ ਉਸ ਨੂੰ ਦੂਜੇ ਦਿਨ ਕੁਝ ਮੁਕਾਬਲੇ ਆਪਣੇ ਨਾਂ ਕਰਨੇ ਪੈਣਗੇ।
ਸਭ ਤੋਂ ਪਹਿਲਾਂ ਵਿਦਿਤ ਦੇ ਸਾਹਮਣੇ ਫਿਡੇ ਦੇ ਅਲੀਰੇਜਾ ਫਿਰੌਜਾ ਸੀ, ਜਿਨ੍ਹਾਂ ਵਿਚਾਲੇ ਮੁਕਾਬਲਾ ਡਰਾਅ 'ਤੇ ਛੁੱਟਿਆ। ਦੂਜੇ ਰਾਊਂਡ ਵਿਚ ਵਿਦਿਤ ਦੇ ਸਾਹਮਣੇ ਅਰਮੀਨੀਆ ਦਾ ਲੇਵੋਨ ਅਰੋਨੀਅਨ ਸੀ, ਜਿੱਥੇ ਕਾਲੇ ਮੋਹਰਿਆਂ ਨਾਲ ਖੇਡ ਰਹੇ ਵਿਦਿਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਤੀਜੇ ਰਾਊਂਡ ਵਿਚ ਵਿਦਿਤ ਦਾ ਮੁਕਾਬਲਾ ਪੋਲੈਂਡ ਦੇ ਜਾਨ ਡੂਡਾ ਨਾਲ ਹੋਇਆ, ਜਿੱਥੇ ਉਹ ਸਫੇਦ ਮੋਹਰਿਆਂ ਨਾਲ ਖੇਡਦੇ ਹੋਏ 79 ਚਾਲਾਂ ਤਕ ਚੱਲੇ ਮੁਕਾਬਲੇ ਨੂੰ ਡਰਾਅ ਕਰਵਾਉਣ ਵਿਚ ਸਫਲ ਰਿਹਾ। ਇਸ ਤੋਂ ਬਾਅਦ 4 ਕਾਲੇ ਮੋਹਰਿਆਂ ਨਾਲ ਵਿਦਿਤ ਦੇ ਸਾਹਮਣੇ ਸੀ ਵਿਸ਼ਵ ਦਾ ਨੰਬਰ-3 ਖਿਡਾਰੀ ਡਿੰਗ ਲੀਰੇਨ, ਜਿਸ ਨਾਲ ਵੀ ਉਸ ਨੇ ਬਾਜ਼ੀ ਡਰਾਅ ਖੇਡੀ । ਪੰਜਵੇਂ ਰਾਊਂਡ ਵਿਚ ਅਨੀਸ਼ ਗਿਰੀ ਨੇ ਆਪਣੀ ਮਹਾਰਤ ਸਾਬਤ ਕਰਦੇ ਹੋਏ ਵਿਦਿਤ ਨੂੰ 93 ਚਾਲਾਂ ਵਿਚ ਹਰਾ ਦਿੱਤਾ।