'ਅਜਿਹੀ Airline ਤੋਂ ਨਾ ਕਰੋ ਸਫ਼ਰ..!' Air India 'ਤੇ ਭੜਕੇ ਮੁਹੰਮਦ ਸਿਰਾਜ, ਸੋਸ਼ਲ ਮੀਡੀਆ 'ਤੇ ਕੱਢੀ ਭੜਾਸ

Thursday, Nov 27, 2025 - 01:19 PM (IST)

'ਅਜਿਹੀ Airline ਤੋਂ ਨਾ ਕਰੋ ਸਫ਼ਰ..!' Air India 'ਤੇ ਭੜਕੇ ਮੁਹੰਮਦ ਸਿਰਾਜ, ਸੋਸ਼ਲ ਮੀਡੀਆ 'ਤੇ ਕੱਢੀ ਭੜਾਸ

ਸਪੋਰਟਸ ਡੈਸਕ- ਦੱਖਣੀ ਅਫਰੀਕਾ ਹੱਥੋਂ ਟੈਸਟ ਸੀਰੀਜ਼ ਵਿੱਚ ਸ਼ਰਮਨਾਕ ਕਲੀਨ ਸਵੀਪ (0-2) ਮਿਲਣ ਤੋਂ ਬਾਅਦ ਜਿੱਥੇ ਭਾਰਤੀ ਟੀਮ ਪਹਿਲਾਂ ਹੀ ਨਿਰਾਸ਼ ਸੀ, ਉੱਥੇ ਹੀ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਦਾ ਗੁੱਸਾ ਹੁਣ ਸੋਸ਼ਲ ਮੀਡੀਆ 'ਤੇ ਨਿਕਲਿਆ ਹੈ। ਉਨ੍ਹਾਂ ਦਾ ਗੁੱਸਾ ਕ੍ਰਿਕਟ ਦੀ ਹਾਰ ਕਾਰਨ ਨਹੀਂ, ਸਗੋਂ ਏਅਰ ਇੰਡੀਆ ਦੀ ਫਲਾਈਟ ਵਿੱਚ ਦੇਰੀ ਕਾਰਨ ਸੀ।

ਗੁਵਾਹਾਟੀ ਟੈਸਟ ਮੈਚ (ਜੋ ਦੱਖਣੀ ਅਫਰੀਕਾ ਨੇ 408 ਦੌੜਾਂ ਨਾਲ ਜਿੱਤਿਆ) ਖ਼ਤਮ ਹੋਣ ਤੋਂ ਬਾਅਦ, ਮੁਹੰਮਦ ਸਿਰਾਜ 26 ਨਵੰਬਰ ਦੀ ਦੇਰ ਰਾਤ ਆਪਣੇ ਘਰ ਹੈਦਰਾਬਾਦ ਲਈ ਰਵਾਨਾ ਹੋਣਾ ਚਾਹੁੰਦੇ ਸਨ। ਸਿਰਾਜ ਨੇ ਏਅਰ ਇੰਡੀਆ ਦੀ ਫਲਾਈਟ ਨੰਬਰ IX 2884 ਰਾਹੀਂ ਗੁਵਾਹਾਟੀ ਤੋਂ ਹੈਦਰਾਬਾਦ ਜਾਣਾ ਸੀ, ਜਿਸ ਦਾ ਨਿਰਧਾਰਤ ਸਮਾਂ ਸ਼ਾਮ 7:25 ਵਜੇ ਸੀ। ਫਲਾਈਟ ਦੇ ਸਮੇਂ 'ਤੇ ਉਡਾਣ ਨਾ ਭਰਨ ਅਤੇ ਲਗਾਤਾਰ ਦੇਰੀ ਕਾਰਨ ਸਿਰਾਜ ਭੜਕ ਗਏ।

ਸਿਰਾਜ ਨੇ ਸੋਸ਼ਲ ਮੀਡੀਆ ਪਲੇਟਫਾਰਮ 'X' 'ਤੇ ਪੋਸਟ ਕਰਦੇ ਹੋਏ ਲਿਖਿਆ ਕਿ ਏਅਰਲਾਈਨ ਵੱਲੋਂ ਕੋਈ ਸੂਚਨਾ ਨਹੀਂ ਦਿੱਤੀ ਗਈ ਅਤੇ ਬਿਨਾਂ ਕਿਸੇ ਠੋਸ ਕਾਰਨ ਦੇ ਉਡਾਣ ਵਿੱਚ ਦੇਰੀ ਕੀਤੀ ਜਾ ਰਹੀ ਹੈ, ਜਿਸ ਕਾਰਨ ਯਾਤਰੀ ਉੱਥੇ ਫਸੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸੱਚਮੁੱਚ ਨਿਰਾਸ਼ਾਜਨਕ ਹੈ ਕਿਉਂਕਿ ਫਲਾਈਟ ਨੂੰ 4 ਘੰਟੇ ਲੇਟ ਹੋਣ ਦੇ ਬਾਵਜੂਦ ਕੋਈ ਅਪਡੇਟ ਨਹੀਂ ਦਿੱਤਾ ਗਿਆ। ਗੁੱਸੇ ਵਿੱਚ ਆਏ ਸਿਰਾਜ ਨੇ ਲਿਖਿਆ: "ਮੈਂ ਸੱਚਮੁੱਚ ਕਿਸੇ ਨੂੰ ਵੀ ਇਸ ਉਡਾਣ ਤੋਂ ਯਾਤਰਾ ਕਰਨ ਦੀ ਸਲਾਹ ਨਹੀਂ ਦੇਵਾਂਗਾ"।

ਸਿਰਾਜ ਦੇ ਗੁੱਸੇ ਵਾਲੇ ਪੋਸਟ ਤੋਂ ਬਾਅਦ, ਏਅਰ ਇੰਡੀਆ ਨੇ ਜਵਾਬ ਦਿੱਤਾ ਅਤੇ ਜਾਣਕਾਰੀ ਦਿੱਤੀ ਕਿ ਫਲਾਈਟ IX 2884 ਨੂੰ ਆਪਰੇਸ਼ਨਲ ਕਾਰਨਾਂ ਕਰਕੇ ਰੱਦ (Cancel) ਕਰਨ ਦਾ ਫੈਸਲਾ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਮੁਹੰਮਦ ਸਿਰਾਜ ਦੱਖਣੀ ਅਫਰੀਕਾ ਖਿਲਾਫ 30 ਨਵੰਬਰ ਤੋਂ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਲਈ ਭਾਰਤੀ ਸਕੁਐਡ ਦਾ ਹਿੱਸਾ ਨਹੀਂ ਹਨ।

 


author

Tarsem Singh

Content Editor

Related News