T20 ਵਿਸ਼ਵ ਕੱਪ ਜਿੱਤਣ ਵਾਲੀ TEAM INDIA ਦੇ ਖਿਡਾਰੀਆਂ ਦਾ ICC ਨੇ ਕੀਤਾ ''ਅਪਮਾਨ''!
Monday, Mar 16, 2026 - 11:35 PM (IST)
ਸਪੋਰਟਸ ਡੈਸਕ- ਸੂਰਿਆਕੁਮਾਰ ਯਾਦਵ ਦੀ ਕਪਤਾਨੀ ਹੇਠ ਹਾਲ ਹੀ ਵਿੱਚ ਟੀ-20 ਵਿਸ਼ਵ ਕੱਪ 2026 ਦਾ ਖਿਤਾਬ ਜਿੱਤਣ ਵਾਲੀ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀਆਂ ਦਾ ਆਈਸੀਸੀ ਵੱਲੋਂ 'ਅਪਮਾਨ' ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਵਿਸ਼ਵ ਚੈਂਪੀਅਨ ਬਣਨ ਦੇ ਬਾਵਜੂਦ, ਫਰਵਰੀ ਮਹੀਨੇ ਲਈ ਆਈਸੀਸੀ ਵੱਲੋਂ ਜਾਰੀ ਕੀਤੀਆਂ ਗਈਆਂ 'ਪਲੇਅਰ ਆਫ ਦ ਮੰਥ' ਦੀਆਂ ਨਾਮਜ਼ਦਗੀਆਂ ਵਿੱਚ ਇੱਕ ਵੀ ਭਾਰਤੀ ਪੁਰਸ਼ ਖਿਡਾਰੀ ਦਾ ਨਾਮ ਸ਼ਾਮਲ ਨਹੀਂ ਕੀਤਾ ਗਿਆ।
ਵਿਸ਼ਵ ਕੱਪ ਦੀ ਇਸ ਇਤਿਹਾਸਕ ਜਿੱਤ ਵਿੱਚ ਜਸਪ੍ਰੀਤ ਬੁਮਰਾਹ, ਹਾਰਦਿਕ ਪਾਂਡਿਆ, ਸੰਜੂ ਸੈਮਸਨ ਅਤੇ ਈਸ਼ਾਨ ਕਿਸ਼ਨ ਵਰਗੇ ਖਿਡਾਰੀਆਂ ਨੇ ਅਹਿਮ ਭੂਮਿਕਾ ਨਿਭਾਈ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਫਰਵਰੀ ਦੇ ਪੂਰੇ ਮਹੀਨੇ ਦੌਰਾਨ ਵਿਸ਼ਵ ਕੱਪ ਚੱਲਿਆ ਅਤੇ ਇਨ੍ਹਾਂ ਭਾਰਤੀ ਖਿਡਾਰੀਆਂ ਨੇ ਆਪਣੀ ਡੂੰਘੀ ਛਾਪ ਛੱਡੀ, ਫਿਰ ਵੀ ਆਈਸੀਸੀ ਨੇ ਉਨ੍ਹਾਂ ਨੂੰ ਤਿੰਨ ਖਿਡਾਰੀਆਂ ਦੀ ਸੂਚੀ ਵਿੱਚ ਜਗ੍ਹਾ ਨਹੀਂ ਦਿੱਤੀ।
ਇਹ ਵੀ ਪੜ੍ਹੋ- ਕਦੇ ਚਲਾਉਂਦਾ ਸੀ ਸਕੂਲ ਬੱਸ, ਹੁਣ ਬਣਿਆ ਭਾਰਤ ਨੂੰ 2 ਵਾਰ ਵਿਸ਼ਵ ਜੇਤੂ ਬਣਾਉਣ ਵਾਲਾ 'ਸੁਪਰਹੀਰੋ'
ਆਈਸੀਸੀ ਨੇ ਜਿਨ੍ਹਾਂ ਤਿੰਨ ਖਿਡਾਰੀਆਂ ਨੂੰ ਨਾਮਜ਼ਦ ਕੀਤਾ ਹੈ, ਉਨ੍ਹਾਂ ਵਿੱਚੋਂ ਦੋ ਅਜਿਹੀਆਂ ਟੀਮਾਂ ਦੇ ਹਨ ਜੋ ਸੈਮੀਫਾਈਨਲ ਤੱਕ ਵੀ ਨਹੀਂ ਪਹੁੰਚ ਸਕੀਆਂ ਸਨ। ਪਾਕਿਸਤਾਨੀ ਟੀਮ ਦੇ ਸਾਹਿਬਜ਼ਾਦਾ ਫਰਹਾਨ ਨੇ ਭਾਂਵੇ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ 383 ਰਨ ਬਣਾਏ ਸਨ ਪਰ ਪਾਕਿਸਤਾਨੀ ਟੀਮ ਸੁਪਰ-8 ਵਿੱਚ ਵੀ ਨਹੀਂ ਪਹੁੰਚ ਸਕੀ। ਇੰਗਲੈਂਡ ਦੇ ਵਿਲ ਜੈਕਸ ਨੇ 194 ਰਨ ਬਣਾਏ ਅਤੇ 11 ਵਿਕਟਾਂ ਲਈਆਂ। ਯੂ.ਐੱਸ.ਏ. ਟੀਮ ਦੇ ਸ਼ੈਡਲੀ ਵਾਨ ਸ਼ਾਲਵਿਕ ਨੇ 13 ਵਿਕਟਾਂ ਲਈਆਂ, ਹਾਲਾਂਕਿ ਅਮਰੀਕਾ ਪਹਿਲੇ ਦੌਰ ਵਿੱਚ ਹੀ ਬਾਹਰ ਹੋ ਗਿਆ ਸੀ।
ਪੁਰਸ਼ ਵਰਗ ਵਿੱਚ ਭਾਵੇਂ ਭਾਰਤੀਆਂ ਨੂੰ ਜਗ੍ਹਾ ਨਹੀਂ ਮਿਲੀ ਪਰ ਮਹਿਲਾ ਵਰਗ ਵਿੱਚ ਭਾਰਤ ਦੀ ਅਰੁੰਧਤੀ ਰੈੱਡੀ ਨੂੰ 'ਪਲੇਅਰ ਆਫ ਦ ਮੰਥ' ਲਈ ਨਾਮਜ਼ਦ ਕੀਤਾ ਗਿਆ ਹੈ। ਅਰੁੰਧਤੀ ਨੇ ਹਾਲ ਹੀ ਵਿੱਚ ਆਸਟ੍ਰੇਲੀਆ ਵਿਰੁੱਧ ਟੀ-20 ਸੀਰੀਜ਼ ਵਿੱਚ 8 ਵਿਕਟਾਂ ਲੈ ਕੇ ਭਾਰਤ ਦੀ 2-1 ਨਾਲ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
ਇਹ ਵੀ ਪੜ੍ਹੋ- ਮੈਚ ਫਿਕਸਿੰਗ ਜਾਂ ਗਲਤੀ? ਪਾਕਿਸਤਾਨੀ ਗੇਂਦਬਾਜ਼ ਦੀ ਨੋ-ਬਾਲ ਨੇ ਮਚਾਇਆ ਹੰਗਾਮਾ
