ਭਾਰਤ ਨੂੰ ਟੀ-20 ਵਿਸ਼ਵ ਕੱਪ ਜਿੱਤਣ ’ਤੇ ICC ਤੋਂ ਮਿਲੀ 25 ਕਰੋੜ ਰੁਪਏ ਦੀ ਐਵਾਰਡ ਰਾਸ਼ੀ

Thursday, Mar 12, 2026 - 11:35 AM (IST)

ਭਾਰਤ ਨੂੰ ਟੀ-20 ਵਿਸ਼ਵ ਕੱਪ ਜਿੱਤਣ ’ਤੇ ICC ਤੋਂ ਮਿਲੀ 25 ਕਰੋੜ ਰੁਪਏ ਦੀ ਐਵਾਰਡ ਰਾਸ਼ੀ

ਦੁਬਈ– ਆਈ. ਸੀ. ਸੀ. ਨੇ ਪੁਰਸ਼ਾਂ ਦਾ ਟੀ-20 ਵਿਸ਼ਵ ਕੱਪ ਖਤਮ ਹੋਣ ਤੋਂ ਬਾਅਦ ਬੁੱਧਵਾਰ ਨੂੰ ਖਿਡਾਰੀਆਂ ਦੀ ਐਵਾਰਡ ਰਾਸ਼ੀ ਦਾ ਐਲਾਨ ਕੀਤਾ ਜਿਹੜੀ ਰਿਕਾਰਡ 1.125 ਕਰੋੜ ਅਮਰੀਕੀ ਡਾਲਰ ਹੈ ਜਿਸ ਵਿਚ ਘਰੇਲੂ ਮੈਦਾਨ ’ਤੇ ਚੈਂਪੀਅਨ ਬਣੀ ਭਾਰਤੀ ਟੀਮ ਨੂੰ ਸਭ ਤੋਂ ਵੱਡਾ ਹਿੱਸਾ 2,639,423 ਡਾਲਰ (ਲੱਗਭਗ 25 ਕਰੋੜ ਰੁਪਏ) ਮਿਲੇ। ਭਾਰਤ ਨੇ ਫਾਈਨਲ ’ਚ ਨਿਊਜ਼ੀਲੈਂਡ ਨੂੰ 96 ਦੌੜਾਂ ਨਾਲ ਹਰਾ ਕੇ ਲਗਾਤਾਰ ਦੂਜੀ ਟਰਾਫੀ ਆਪਣੇ ਨਾਂ ਕੀਤੀ।

ਉਪ ਜੇਤੂ ਨਿਊਜ਼ੀਲੈਂਡ ਨੂੰ 14,22,692 ਅਮਰੀਕੀ ਡਾਲਰ (ਲੱਗਭਗ 13 ਕਰੋੜ ਰੁਪਏ) ਮਿਲੇ ਜਦਕਿ ਸੈਮੀਫਾਈਨਲ ’ਚ ਪਹੁੰਚਣ ਵਾਲੀ ਦੱਖਣੀ ਅਫਰੀਕਾ ਤੇ ਇੰਗਲੈਂਡ ਨੂੰ ਕ੍ਰਮਵਾਰ ਲੱਗਭਗ 9.24 ਕਰੋੜ ਰੁਪਏ ਤੇ 8.96 ਕਰੋੜ ਰੁਪਏ ਪ੍ਰਾਪਤ ਹੋਏ। ਹੋਰ ਟਾਪ ਟੀਮਾਂ ’ਚ ਵੈਸਟਇੰਡੀਜ਼ ਨੂੰ 5,38,269 ਅਮਰੀਕੀ ਡਾਲਰ ਮਿਲੇ ਜਦਕਿ ਆਪਣੇ ਸਾਰੇ ਮੈਚ ਸ਼੍ਰੀਲੰਕਾ ’ਚ ਖੇਡਣ ਵਾਲੀ ਪਾਕਿਸਤਾਨੀ ਟੀਮ ਨੂੰ 5,22,692 ਅਮਰੀਕੀ ਡਾਲਰ ਮਿਲੇ।

ਜ਼ਿੰਬਾਬਵੇ ਨੂੰ 4,91,538 ਅਮਰੀਕੀ ਡਾਲਰ ਤੇ ਸ਼੍ਰੀਲੰਕਾ ਨੂੰ 4,75,962 ਅਮਰੀਕੀ ਡਾਲਰ ਦਿੱਤੇ ਗਏ। ਸੁਪਰ-8 ’ਚੋਂ ਬਾਹਰ ਹੋਈ ਅਫਗਾਨਿਸਤਾਨ, ਆਸਟ੍ਰੇਲੀਆ ਤੇ ਅਮਰੀਕਾ ਦੀਆਂ ਟੀਮਾਂ ਨੂੰ ਹਰੇਕ ਨੂੰ 3,09,808 ਅਮਰੀਕੀ ਡਾਲਰ ਮਿਲੇ। ਸਕਾਟਲੈਂਡ ਨੂੰ 2,78,654 ਅਮਰੀਕੀ ਡਾਲਰ ਤੇ ਆਇਰਲੈਂਡ ਨੂੰ 2,71,731 ਅਮਰੀਕੀ ਡਾਲਰ ਜਦਕਿ 4 ਹੋਰ ਟੀਮਾਂ ਇਟਲੀ, ਨੀਦਰਲੈਂਡ, ਸੰਯੁਕਤ ਅਰਬ ਅਮੀਰਾਤ ਤੇ ਨੇਪਾਲ ਹਰੇਕ ਨੂੰ 2,56,154 ਅਮਰੀਕੀ ਡਾਲਰ ਦਿੱਤੇ ਗਏ। ਕੈਨੇਡਾ, ਨਾਮੀਬੀਆ ਤੇ ਓਮਾਨ ਹਰੇਕ ਨੂੰ 2,25,000 ਅਮਰੀਕੀ ਡਾਲਰ ਦੀ ਐਵਾਰਡ ਰਾਸ਼ੀ ਦਿੱਤੀ ਗਈ।

ਆਈ. ਸੀ. ਸੀ. ਨੇ ਕਿਹਾ ਕਿ ਇਹ ਐਵਾਰਡ ਰਾਸ਼ੀ ਵੰਡ ਖਿਡਾਰੀਆਂ ਲਈ ਵਿੱਤੀ ਉਤਸ਼ਾਹ ਵਧਾਉਣ ਤੇ ਮੈਂਬਰ ਦੇਸ਼ਾਂ ’ਚ ਕ੍ਰਿਕਟ ਦੇ ਵਿਕਾਸ ਨੂੰ ਮਜ਼ਬੂਤ ਕਰਨ ਦੀਆਂ ਉਸ ਦੀਆਂ ਲਗਾਤਾਰ ਕੋਸ਼ਿਸ਼ਾਂ ਨੂੰ ਦਰਸਾਉਂਦੀ ਹੈ।


author

Tarsem Singh

Content Editor

Related News