IND vs ENG: ਟੀਮ ਨੂੰ ਲੱਗੀ 74 ਦੌੜਾਂ ਦੀ 'ਪੈਨਲਟੀ'!, ਕਪਤਾਨ ਦੀ ਗਲਤੀ ਕਾਰਨ ਟੁੱਟਿਆ ਫਾਈਨਲ ਖੇਡਣ ਦਾ ਸੁਪਨਾ
Friday, Mar 06, 2026 - 05:47 PM (IST)
ਸਪੋਰਟਸ ਡੈਸਕ- ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਖੇਡੇ ਗਏ ਟੀ-20 ਵਿਸ਼ਵ ਕੱਪ 2026 ਦੇ ਦੂਜੇ ਸੈਮੀਫਾਈਨਲ ਵਿੱਚ ਭਾਰਤੀ ਬੱਲੇਬਾਜ਼ਾਂ ਨੇ ਇੰਗਲੈਂਡ ਦੇ ਗੇਂਦਬਾਜ਼ਾਂ ਦਾ ਰੱਜ ਕੇ ਮਾਂਜਾ ਲਾਇਆ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 253 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ, ਜਿਸ ਵਿੱਚ ਸੰਜੂ ਸੈਮਸਨ ਦਾ ਸਭ ਤੋਂ ਵੱਡਾ ਯੋਗਦਾਨ ਰਿਹਾ। ਹਾਲਾਂਕਿ, ਭਾਰਤ ਨੂੰ ਇਸ ਸਕੋਰ ਤੱਕ ਪਹੁੰਚਾਉਣ ਵਿੱਚ ਇੰਗਲੈਂਡ ਦੇ ਕਪਤਾਨ ਹੈਰੀ ਬਰੂਕ ਦੀ ਇੱਕ ਵੱਡੀ ਗਲਤੀ ਨੇ ਅਹਿਮ ਭੂਮਿਕਾ ਨਿਭਾਈ।
ਮੈਚ ਦੇ ਦੂਜੇ ਓਵਰ ਵਿੱਚ ਅਭਿਸ਼ੇਕ ਸ਼ਰਮਾ ਦੇ ਜਲਦੀ ਆਊਟ ਹੋਣ ਤੋਂ ਬਾਅਦ ਭਾਰਤੀ ਟੀਮ ਥੋੜ੍ਹੇ ਦਬਾਅ ਵਿੱਚ ਸੀ। ਤੀਜੇ ਓਵਰ ਵਿੱਚ ਇੰਗਲੈਂਡ ਕੋਲ ਸਭ ਤੋਂ ਖ਼ਤਰਨਾਕ ਨਜ਼ਰ ਆ ਰਹੇ ਸੰਜੂ ਸੈਮਸਨ ਨੂੰ ਆਊਟ ਕਰਨ ਦਾ ਸੁਨਹਿਰੀ ਮੌਕਾ ਸੀ। ਜੋਫਰਾ ਆਰਚਰ ਦੀ ਗੇਂਦ 'ਤੇ ਸੈਮਸਨ ਨੇ ਇੱਕ ਸ਼ਾਟ ਖੇਡਿਆ, ਜੋ ਸਿੱਧਾ ਮਿਡ-ਆਨ 'ਤੇ ਖੜ੍ਹੇ ਕਪਤਾਨ ਹੈਰੀ ਬਰੂਕ ਦੇ ਹੱਥਾਂ ਵਿੱਚ ਗਿਆ। ਪਰ ਬਰੂਕ ਨੇ ਉਹ ਸੌਖਾ ਕੈਚ ਛੱਡ ਦਿੱਤਾ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।
ਇਹ ਵੀ ਪੜ੍ਹੋ- T20 World Cup ਵਿਚਾਲੇ TEAM INDIA ਲਈ ਆਈ ਵੱਡੀ ਖ਼ੁਸ਼ਖਬਰੀ!
74 ਦੌੜਾਂ ਦੀ ਪਈ 'ਪੈਨਲਟੀ'
ਜੀਵਨਦਾਨ ਮਿਲਣ ਸਮੇਂ ਸੰਜੂ ਸੈਮਸਨ ਸਿਰਫ਼ 15 ਦੌੜਾਂ 'ਤੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਇੰਗਲੈਂਡ ਦੇ ਗੇਂਦਬਾਜ਼ਾਂ 'ਤੇ ਅੰਨ੍ਹੇਵਾਹ ਹਮਲਾ ਬੋਲ ਦਿੱਤਾ ਅਤੇ ਮੈਦਾਨ ਦੇ ਚਾਰੇ ਪਾਸੇ ਛੱਕਿਆਂ-ਚੌਕਿਆਂ ਦੀ ਬਾਰਿਸ਼ ਕਰ ਦਿੱਤੀ। ਸੈਮਸਨ ਨੇ ਸਿਰਫ਼ 26 ਗੇਂਦਾਂ ਵਿੱਚ ਲਗਾਤਾਰ ਦੂਜਾ ਅਰਧ-ਸੈਂਕੜਾ ਪੂਰਾ ਕੀਤਾ ਅਤੇ ਆਊਟ ਹੋਣ ਤੋਂ ਪਹਿਲਾਂ 42 ਗੇਂਦਾਂ ਵਿੱਚ 89 ਦੌੜਾਂ ਦੀ ਯਾਦਗਾਰ ਪਾਰੀ ਖੇਡੀ। ਕੈਚ ਛੁੱਟਣ ਤੋਂ ਬਾਅਦ ਸੈਮਸਨ ਨੇ ਆਪਣੇ ਸਕੋਰ ਵਿੱਚ 74 ਦੌੜਾਂ ਹੋਰ ਜੋੜੀਆਂ, ਜੋ ਇੰਗਲੈਂਡ ਲਈ ਇੱਕ ਅਣਚਾਹੀ 'ਪੈਨਲਟੀ' ਸਾਬਤ ਹੋਈ।
ਇਹ ਵੀ ਪੜ੍ਹੋ- ਰੱਦ ਹੋ ਗਿਆ T20 WC Final ਮੈਚ ਤਾਂ ਕੌਣ ਬਣੇਗਾ ਚੈਂਪੀਅਨ? ਜਾਣੋ ICC ਦੇ ਨਿਯਮ
ਸੈਮਸਨ ਦੀ ਇਸ ਧਮਾਕੇਦਾਰ ਪਾਰੀ ਅਤੇ ਹੋਰ ਬੱਲੇਬਾਜ਼ਾਂ ਦੇ ਸਹਿਯੋਗ ਨਾਲ ਭਾਰਤ ਨੇ ਇੰਗਲੈਂਡ ਨੂੰ ਜਿੱਤ ਲਈ 254 ਦੌੜਾਂ ਦਾ ਟੀਚਾ ਦਿੱਤਾ। ਜਵਾਬ ਵਿੱਚ ਇੰਗਲੈਂਡ ਦੀ ਟੀਮ 246 ਦੌੜਾਂ ਹੀ ਬਣਾ ਸਕੀ ਅਤੇ ਭਾਰਤ ਨੇ ਇਹ ਮੈਚ 7 ਦੌੜਾਂ ਨਾਲ ਜਿੱਤ ਕੇ ਫਾਈਨਲ ਵਿੱਚ ਜਗ੍ਹਾ ਬਣਾਈ। ਹੁਣ ਭਾਰਤੀ ਟੀਮ 8 ਮਾਰਚ ਨੂੰ ਅਹਿਮਦਾਬਾਦ ਵਿੱਚ ਨਿਊਜ਼ੀਲੈਂਡ ਵਿਰੁੱਧ ਫਾਈਨਲ ਮੁਕਾਬਲਾ ਖੇਡੇਗੀ।
ਇਹ ਵੀ ਪੜ੍ਹੋ- ਫਾਈਨਲ 'ਚ ਇਤਿਹਾਸ ਰਚਣਗੇ ਭਾਰਤ-ਨਿਊਜ਼ੀਲੈਂਡ! ਕ੍ਰਿਕਟ 'ਚ ਪਹਿਲੀ ਵਾਰ ਦੇਖਣ ਨੂੰ ਮਿਲੇਗਾ ਇਹ ਨਜ਼ਾਰਾ
