ਸਿੰਗਾਪੁਰ ਓਪਨ : ਤ੍ਰਿਸਾ-ਗਾਇਤਰੀ ਨੇ ਦੂਜੀ ਰੈਂਕਿੰਗ ਵਾਲੀ ਜੋੜੀ ਨੂੰ ਹਰਾਇਆ, ਮਾਰਿਨ ਤੋਂ ਹਾਰੀ ਸਿੰਧੂ

05/31/2024 12:11:56 PM

ਸਿੰਗਾਪੁਰ– ਪੀ. ਵੀ. ਸਿੰਧੂ ਨੂੰ ਸਿੰਗਾਪੁਰ ਓਪਨ ਬੈਡਮਿੰਟਨ ਦੇ ਪ੍ਰੀ-ਕੁਆਰਟਰ ਫਾਈਨਲ ’ਚ ਆਪਣੀ ਕੱਟੜ ਵਿਰੋਧੀ ਕੈਰੋਲੀਨਾ ਮਾਰਿਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ, ਜਦੋਂ ਕਿ ਤ੍ਰਿਸਾ ਜੌਲੀ ਅਤੇ ਗਾਇਤਰੀ ਗੋਪੀਚੰਦ ਦੀ ਜੋੜੀ ਨੇ ਵਿਸ਼ਵ ਦੀ ਦੂਜੇ ਨੰਬਰ ਦੀ ਦੱਖਣੀ ਕੋਰੀਆਈ ਟੀਮ ਬਾਏਕ ਹਾ ਨਾ ਅਤੇ ਲੀ ਸੋ ਹੀ ਨੂੰ ਹਰਾ ਕੇ ਫਾਈਨਲ ’ਚ ਜਗ੍ਹਾ ਬਣਾਈ।
ਪਿਛਲੇ ਹਫਤੇ ਥਾਈਲੈਂਡ ਓਪਨ ’ਚ ਉਪ ਜੇਤੂ ਰਹੀ 2 ਵਾਰ ਦੀ ਓਲੰਪਿਕ ਤਮਗਾ ਜੇਤੂ ਸਿੰਧੂ ਇਕ ਘੰਟਾ ਅੱਠ ਮਿੰਟ ਤੱਕ ਚੱਲੇ ਬੀ. ਡਬਲਿਊ. ਐੱਫ. ਵਰਲਡ ਟੂਰ ਸੁਪਰ 750 ਦਾ ਇਹ ਪ੍ਰੀ-ਕੁਆਰਟਰ ਫਾਈਨਲ ਮੈਚ 21-13, 11-20, 20-22 ਨਾਲ ਹਾਰ ਗਈ। ਸਿੰਧੂ ਦੀ 2018 ਤੋਂ ਬਾਅਦ ਮਾਰਿਨ ਖਿਲਾਫ ਇਹ ਲਗਾਤਾਰ 6ਵੀਂ ਹਾਰ ਹੈ।
ਉੱਧਰ ਰਾਸ਼ਟਰਮੰਡਲ ਖੇਡਾਂ ਦੀ ਕਾਂਸੀ ਤਮਗਾ ਜੇਤੂ ਤ੍ਰਿਸਾ ਅਤੇ ਗਾਇਤਰੀ ਨੇ ਬੇਕ ਅਤੇ ਲੀ ਨੂੰ 21-9, 14-21, 21-15 ਨਾਲ ਹਰਾਇਆ। ਪੁਰਸ਼ ਸਿੰਗਲਜ਼ ’ਚ ਵਿਸ਼ਵ ਦੇ 10ਵੇਂ ਨੰਬਰ ਦੇ ਖਿਡਾਰੀ ਐੱਚ. ਐੱਸ. ਪ੍ਰਣਯ ਨੂੰ ਵਿਸ਼ਵ ਰੈਂਕਿੰਗ ’ਚ 11ਵੇਂ ਸਥਾਨ ’ਤੇ ਕਾਬਜ਼ ਜਾਪਾਨ ਦੇ ਕੇਂਤਾ ਨਿਸ਼ੀਮੋਟੋ ਨੇ 21-12, 14-21, 21-15 ਨਾਲ ਹਰਾਇਆ।
ਮਹਿਲਾ ਸਿੰਗਲਜ਼ ’ਚ ਡੈਨਮਾਰਕ ਓਪਨ ਦੇ ਸੈਮੀਫਾਈਨਲ ’ਚ ਹੋਈ ਬਹਿਸ ਤੋਂ ਬਾਅਦ ਸਿੰਧੂ ਅਤੇ ਮਾਰਿਨ 7 ਮਹੀਨਿਆਂ ’ਚ ਪਹਿਲੀ ਵਾਰ ਇਕ-ਦੂਜੇ ਦਾ ਸਾਹਮਣਾ ਕਰ ਰਹੀਆਂ ਸਨ। ਪਹਿਲੀ ਗੇਮ ਹਾਰਨ ਤੋਂ ਬਾਅਦ ਦੁਨੀਆ ਦੀ ਤੀਜੇ ਨੰਬਰ ਦੇ ਖਿਡਾਰਣ ਮਾਰਿਨ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਲਗਾਤਾਰ 6 ਅੰਕ ਬਣਾਏ ਅਤੇ 17-7 ਦੀ ਬੜ੍ਹਤ ਹਾਸਲ ਕੀਤੀ।
ਇਸ ਤੋਂ ਬਾਅਦ ਸਿੰਧੂ ਨੂੰ ਵਾਪਸੀ ਦਾ ਮੌਕਾ ਨਾ ਦੇ ਕੇ ਮੈਚ ਨੂੰ ਫੈਸਲਾਕੁੰਨ ਗੇਮ ਤੱਕ ਖਿੱਚਿਆ। ਸਿੰਧੂ ਨੇ ਫੈਸਲਾਕੁੰਨ ਗੇਮ ’ਚ ਲੀਡ ਹਾਸਲ ਕੀਤੀ ਪਰ ਮਾਰਿਨ ਨੇ ਵਾਪਸੀ ਕਰ ਕੇ ਜਿੱਤ ਹਾਸਲ ਕੀਤੀ। ਸਿੰਧੂ ਖ਼ਿਲਾਫ਼ 17 ਮੈਚਾਂ ’ਚ ਇਹ ਉਸ ਦੀ 12ਵੀਂ ਜਿੱਤ ਸੀ।


Aarti dhillon

Content Editor

Related News