ਤਾਈ ਜ਼ੂ ਯਿੰਗ ਤੋਂ ਹਾਰ ਕੇ ਮਲੇਸ਼ੀਆ ਓਪਨ ਤੋਂ ਬਾਹਰ ਹੋ ਗਈ PV ਸਿੰਧੂ

07/01/2022 5:21:00 PM

ਕੁਆਲਾਲੰਪੁਰ (ਏਜੰਸੀ)- ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀ.ਵੀ. ਸਿੰਧੂ ਮਲੇਸ਼ੀਆ ਓਪਨ ਸੁਪਰ 750 ਬੈਡਮਿੰਟਨ ਮਹਿਲਾ ਸਿੰਗਲਜ਼ ਦੇ ਕੁਆਰਟਰ ਫਾਈਨਲ ਵਿੱਚ ਸ਼ੁੱਕਰਵਾਰ ਨੂੰ ਇੱਥੇ ਤਿੰਨ ਗੇਮਾਂ ਦੇ ਮੁਕਾਬਲੇ ਵਿੱਚ ਚੀਨੀ ਤਾਈਪੇ ਦੀ ਮੌਜੂਦਾ ਚੈਂਪੀਅਨ ਤਾਈ ਜ਼ੂ ਯਿੰਗ ਤੋਂ ਹਾਰ ਕੇ ਬਾਹਰ ਹੋ ਗਈ। ਸੱਤਵਾਂ ਦਰਜਾ ਪ੍ਰਾਪਤ ਸਿੰਧੂ ਟੋਕੀਓ ਓਲੰਪਿਕ ਦੀ ਚਾਂਦੀ ਦਾ ਤਗ਼ਮਾ ਜੇਤੂ ਦੂਜਾ ਦਰਜਾ ਪ੍ਰਾਪਤ ਯਿੰਗ ਖ਼ਿਲਾਫ਼ ਪਹਿਲੀ ਗੇਮ ਜਿੱਤਣ ਮਗਰੋਂ ਆਪਣੀ ਲੈਅ ਬਰਕਰਾਰ ਨਹੀਂ ਰੱਖ ਸਕੀ ਅਤੇ 21-13, 15-21, 13-21 ਨਾਲ ਹਾਰ ਗਈ।

ਇਸ ਜਿੱਤ ਤੋਂ ਬਾਅਦ ਯਿੰਗ ਨੇ ਭਾਰਤ ਦੀ ਇਸ ਚੋਟੀ ਦੀ ਖਿਡਾਰਨ 'ਤੇ ਆਪਣਾ ਦਬਦਬਾ ਹੋਰ ਮਜ਼ਬੂਤ ​​ਕਰ ਲਿਆ। ਸਿੰਧੂ ਨੂੰ ਲਗਾਤਾਰ ਛੇਵੇਂ ਮੈਚ ਵਿੱਚ ਯਿੰਗ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਦੋਵਾਂ ਦਾ ਜਿੱਤ-ਹਾਰ ਦਾ ਰਿਕਾਰਡ ਵੀ 16-5 ਦੇ ਵੱਡੇ ਫਰਕ ਨਾਲ ਯਿੰਗ ਦੇ ਹੱਕ ਵਿੱਚ ਹੈ। ਸ਼ੁਰੂਆਤੀ ਗੇਮ ਵਿੱਚ 2-5 ਨਾਲ ਪਛੜਣ ਦੇ ਬਾਅਦ ਸਿੰਧੂ ਨੇ ਲਗਾਤਾਰ 11 ਅੰਕ ਹਾਸਲ ਕਰਕੇ ਸ਼ਾਨਦਾਰ ਵਾਪਸੀ ਕੀਤੀ। ਹਾਲਾਂਕਿ ਚੀਨੀ ਤਾਈਪੇ ਦੀ ਖਿਡਾਰਨ ਨੇ ਲੰਬੀ ਰੈਲੀਆਂ ਖੇਡਣ ਤੋਂ ਬਾਅਦ ਮੁਕਾਬਲੇ 'ਚ ਵਾਪਸੀ ਦੀ ਕੋਸ਼ਿਸ਼ ਕੀਤੀ ਪਰ ਸਿੰਧੂ ਨੇ ਉਸ ਨੂੰ ਜ਼ਿਆਦਾ ਮੌਕੇ ਨਹੀਂ ਦਿੱਤੇ।

ਭਾਰਤੀ ਖਿਡਾਰਨ ਨੇ ਦੂਜੀ ਗੇਮ ਵਿੱਚ ਵੀ ਚੰਗੀ ਸ਼ੁਰੂਆਤ ਕੀਤੀ ਪਰ ਯਿੰਗ ਨੇ ਵਾਪਸੀ ਕਰਦੇ ਹੋਏ ਬ੍ਰੇਕ ਤੱਕ ਆਪਣੀ ਬੜ੍ਹਤ 11-3 ਤੱਕ ਵਧਾ ਲਿਆ। ਯਿੰਗ ਨੇ ਕਿਨਾਰਾ ਬਦਲਣ ਤੋਂ ਬਾਅਦ ਆਪਣੀ ਬੜ੍ਹਤ ਨੂੰ 14-3 ਤੱਕ ਵਧਾ ਦਿੱਤਾ, ਪਰ ਸਿੰਧੂ ਨੇ ਵਾਪਸੀ ਕੀਤੀ ਅਤੇ 17-15 ਦੇ ਸਕੋਰ ਨਾਲ ਵਿਰੋਧੀ ਖਿਡਾਰਨ ਦੀ ਬੜ੍ਹਤ ਨੂੰ ਦੋ ਅੰਕਾਂ ਤੱਕ ਸੀਮਤ ਕਰ ਦਿੱਤਾ। ਯਿੰਗ ਨੇ ਹਾਲਾਂਕਿ ਇਸ ਤੋਂ ਬਾਅਦ ਸਿੰਧੂ ਨੂੰ ਕੋਈ ਮੌਕਾ ਨਹੀਂ ਦਿੱਤਾ ਅਤੇ ਚਾਰ ਅੰਕ ਇਕੱਠੇ ਲੈ ਕੇ ਮੈਚ ਨੂੰ ਫੈਸਲਾਕੁੰਨ ਗੇਮ 'ਚ ਪਹੁੰਚਾਇਆ। ਤੀਸਰੇ ਗੇਮ ਦੀ ਸ਼ੁਰੂਆਤ 'ਚ ਦੋਵਾਂ ਵਿਚਾਲੇ 12 ਅੰਕਾਂ ਲਈ ਕਰੀਬੀ ਮੁਕਾਬਲਾ ਦੇਖਣ ਨੂੰ ਮਿਲਿਆ ਪਰ ਸਿੰਧੂ ਨੇ ਇਸ ਤੋਂ ਬਾਅਦ ਲੈਅ ਗੁਆ ਦਿੱਤੀ ਅਤੇ ਯਿੰਗ ਨੇ ਸੈਮੀਫਾਈਨਲ 'ਚ ਪਹੁੰਚ ਕੇ ਖ਼ਿਤਾਬ ਦੇ ਬਚਾਅ ਵੱਲ ਕਦਮ ਵਧਿਆ।


cherry

Content Editor

Related News