ਸਿੰਧੂ ਤੇ ਪ੍ਰਣਯ ਪ੍ਰੀ ਕੁਆਰਟਰ ਫਾਈਨਲ ''ਚ, ਤ੍ਰਿਸ਼ਾ-ਗਾਇਤਰੀ ਦੀ ਜੋੜੀ ਬਾਹਰ

06/13/2023 8:34:31 PM

ਜਕਾਰਤਾ : ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਪੀ. ਵੀ. ਸਿੰਧੂ ਤੇ ਐੱਚ. ਐੱਸ. ਪ੍ਰਣਯ ਨੇ ਮੰਗਲਵਾਰ ਨੂੰ ਇੱਥੇ ਇੰਡੋਨੇਸ਼ੀਆ ਓਪਨ ਵਿਸ਼ਵ ਟੂਰ ਸੁਪਰ 1000 ਚੈਂਪੀਅਨਸ਼ਿਪ ਵਿਚ ਆਪੋ-ਆਪਣੇ ਮੁਕਾਬਲੇ ਜਿੱਤ ਕੇ ਪ੍ਰੀ-ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ। ਪਿਛਲੀਆਂ ਦੋ ਚੈਂਪੀਅਨਸ਼ਿਪਾਂ ਦੇ ਪਹਿਲੇ ਗੇੜ 'ਚੋਂ ਬਾਹਰ ਹੋਣ ਵਾਲੀ ਦੋ ਵਾਰ ਦੀ ਓਲੰਪਿਕ ਮੈਡਲ ਜੇਤੂ ਸਿੰਧੂ ਨੇ ਇੰਡੋਨੇਸ਼ੀਆ ਦੀ ਗ੍ਰਿਗੋਰੀਆ ਮਾਰਿਸਕਾ ਤੁੰਜੁੰਗ ਨੂੰ 38 ਮਿੰਟ ਵਿਚ 21-19, 21-15 ਨਾਲ ਹਰਾਇਆ। ਸਿੰਧੂ ਦੀ ਗ੍ਰਿਗੋਰੀਆ ਖ਼ਿਲਾਫ਼ ਪਿਛਲੇ ਤਿੰਨ ਮੈਚਾਂ ਵਿਚ ਇਹ ਪਹਿਲੀ ਜਿੱਤ ਹੈ। 

ਉਨ੍ਹਾਂ ਨੂੰ ਇੰਡੋਨੇਸ਼ੀਆ ਦੀ ਇਸ ਖਿਡਾਰਨ ਖ਼ਿਲਾਫ਼ ਇਸੇ ਸਾਲ ਮੈਡਿ੍ਡ ਮਾਸਟਰਜ਼ ਤੇ ਮਲੇਸ਼ੀਆ ਮਾਸਟਰਜ਼ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਵਿਸ਼ਵ ਰੈਂਕਿੰਗ ਵਿਚ 13ਵੇਂ ਸਥਾਨ 'ਤੇ ਖਿਸਕੀ ਸਿੰਧੂ ਖ਼ਿਲਾਫ਼ ਗ੍ਰਿਗੋਰੀਆ ਨੇ ਪਹਿਲੀ ਗੇਮ ਵਿਚ ਚੰਗੀ ਸ਼ੁਰੂਆਤ ਕਰਦੇ ਹੋਏ 9-7 ਦੀ ਬੜ੍ਹਤ ਬਣਾਈ ਪਰ ਭਾਰਤੀ ਖਿਡਾਰਨ ਨੇ ਆਪਣੀ ਲੰਬਾਈ ਦਾ ਫ਼ਾਇਦਾ ਉਠਾਉਂਦੇ ਹੋਏ ਚੰਗੇ ਅੰਕ ਹਾਸਲ ਕੀਤੇ ਤੇ ਗ੍ਰਿਗੋਰੀਆ ਦੀਆਂ ਲਗਾਤਾਰ ਤਿੰਨ ਗ਼ਲਤੀਆਂ ਨਾਲ ਬ੍ਰੇਕ ਤੱਕ 11-10 ਦੀ ਬੜ੍ਹਤ ਬਣਾ ਲਈ ਤੇ ਫਿਰ ਗੇਮ ਜਿੱਤਣ ਵਿਚ ਕਾਮਯਾਬ ਰਹੀ। ਦੂਜੀ ਗੇਮ ਵਿਚ ਸਿੰਧੂ ਬਿਹਤਰ ਲੈਅ ਵਿਚ ਨਜ਼ਰ ਆਈ।

ਇਹ ਵੀ ਪੜ੍ਹੋ : 8ਵੀਂ ਪੰਜਾਬ ਸਟੇਟ ਗੱਤਕਾ ਚੈਂਪੀਅਨਸ਼ਿਪ ਦਾ ਮੀਤ ਹੇਅਰ ਵਲੋਂ ਉਦਘਾਟਨ, ਨਵੀਂ ਖੇਡ ਨੀਤੀ ਬਾਰੇ ਦਿੱਤਾ ਇਹ ਬਿਆਨ

ਗ੍ਰਿਗੋਰੀਆ ਨੇ ਕਾਫੀ ਗ਼ਲਤੀਆਂ ਵੀ ਕੀਤੀਆਂ ਜਿਸ ਦਾ ਫ਼ਾਇਦਾ ਉਠਾ ਕੇ ਸਿੰਧੂ ਗੇਮ ਤੇ ਮੈਚ ਜਿੱਤਣ ਵਿਚ ਕਾਮਯਾਬ ਰਹੀ। ਸਿੰਧੂ ਦੀ ਗ੍ਰਿਗੋਰੀਆ ਖ਼ਿਲਾਫ 10 ਮੈਚਾਂ ਵਿਚ ਇਹ ਅੱਠਵੀਂ ਜਿੱਤ ਹੈ ਜਦਕਿ ਉਨ੍ਹਾਂ ਨੂੰ ਦੋ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ। ਸਿੰਧੂ ਦਾ ਅੱਗੇ ਦਾ ਰਾਹ ਸੌਖਾ ਨਹੀਂ ਹੋਵੇਗਾ ਕਿਉਂਕਿ ਅਗਲੇ ਗੇੜ ਵਿਚ ਉਨ੍ਹਾਂ ਨੂੰ ਤੀਜਾ ਦਰਜਾ ਹਾਸਲ ਤਾਈ ਜੂ ਯਿੰਗ ਨਾਲ ਭਿੜਨਾ ਪਵੇਗਾ।

ਲੈਅ ਵਿਚ ਚੱਲ ਰਹੇ ਐੱਚ. ਐੱਸ. ਪ੍ਰਣਯ ਵੀ ਜਾਪਾਨ ਦੇ ਕੇਂਤਾ ਨਿਸ਼ੀਮੋਟੋ ਨੂੰ 50 ਮਿੰਟ ਵਿਚ ਸਿੱਧੀਆਂ ਗੇਮਾਂ ਵਿਚ 21-16, 21-14 ਨਾਲ ਹਰਾ ਕੇ ਅਗਲੇ ਗੇੜ ਵਿਚ ਪ੍ਰਵੇਸ਼ ਕਰਨ ਵਿਚ ਕਾਮਯਾਬ ਰਹੇ। ਪਿਛਲੇ ਮਹੀਨੇ ਮਲੇਸ਼ੀਆ ਮਾਸਟਰਜ਼ ਸੁਪਰ 300 ਦਾ ਖ਼ਿਤਾਬ ਜਿੱਤਣ ਵਾਲੇ ਸੱਤਵਾਂ ਦਰਜਾ ਹਾਸਲ ਪ੍ਰਣਯ ਅਗਲੇ ਗੇੜ ਵਿਚ ਹਾਂਗਕਾਂਗ ਦੇ ਐੱਨਜੀ ਕਾ ਲੋਂਗ ਏਂਗਸ ਨਾਲ ਭਿੜਨਗੇ। ਤ੍ਰਿਸਾ ਜਾਲੀ ਤੇ ਗਾਇਤ੍ਰੀ ਗੋਪੀਚੰਦ ਦੀ ਭਾਰਤ ਦੀ ਮਹਿਲਾ ਡਬਲਜ਼ ਜੋੜੀ ਹਾਲਾਂਕਿ ਪਹਿਲੇ ਗੇੜ ਵਿਚ ਰਿੰਗਾ ਇਵਾਨਾਗਾ ਤੇ ਕੇਈ ਨਾਕਾਨਿਸ਼ੀ ਦੀ ਜਾਪਾਨ ਦੀ ਜੋੜੀ ਖ਼ਿਲਾਫ਼ ਹਾਰ ਨਾਲ ਚੈਂਪੀਅਨਸ਼ਿਪ 'ਚੋਂ ਬਾਹਰ ਹੋ ਗਈ। ਭਾਰਤ ਦੀ ਰਾਸ਼ਟਰਮੰਡਲ ਖੇਡਾਂ ਦੀ ਕਾਂਸੇ ਦਾ ਮੈਡਲ ਜੇਤੂ ਜੋੜੀ ਨੂੰ ਇਕ ਘੰਟਾ ਤੇ 12 ਮਿੰਟ ਤੱਕ ਚੱਲੇ ਸਖ਼ਤ ਮੁਕਾਬਲੇ ਵਿਚ 22-20, 12-21, 16-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News