ਸਿੰਧੂ, ਸ਼੍ਰੀਕਾਂਤ ਪ੍ਰੀ-ਕੁਆਰਟਰ ਫਾਈਨਲ ''ਚ; ਪ੍ਰਣਯ ਬਾਹਰ
Thursday, Aug 02, 2018 - 02:36 AM (IST)

ਨਾਨਜਿੰਗ— ਪੀ. ਵੀ. ਸਿੰਧੂ ਅਤੇ ਕਿਦਾਂਬੀ ਸ਼੍ਰੀਕਾਂਤ ਨੇ ਉਲਟ ਅੰਦਾਜ਼ 'ਚ ਜਿੱਤ ਦਰਜ ਕਰ ਕੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ-2018 ਦੇ ਪ੍ਰੀ-ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਈ ਪਰ ਵਿਸ਼ਵ ਵਿਚ 11ਵੇਂ ਨੰਬਰ ਦੇ ਖਿਡਾਰੀ ਐੱਚ. ਐੱਸ. ਪ੍ਰਣਯ ਨੂੰ ਬ੍ਰਾਜ਼ੀਲ ਦੇ ਇਗੋਲ ਕੋਹਲੋ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ।
ਓਲੰਪਿਕ ਵਿਚ ਚਾਂਦੀ ਤਮਗਾ ਜੇਤੂ ਸਿੰਧੂ ਨੇ ਇੰਡੋਨੇਸ਼ੀਆ ਦੀ ਫਿਤਰੀਆਨੀ ਨੂੰ 21-14, 21-9 ਨਾਲ ਆਸਾਨੀ ਨਾਲ ਹਰਾ ਦਿੱਤਾ। ਪਿਛਲੇ ਸਾਲ ਚਾਂਦੀ ਦਾ ਤਮਗਾ ਜਿੱਤਣ ਵਾਲੀ ਇਸ 23 ਸਾਲਾ ਮਹਿਲਾ ਖਿਡਾਰਨ ਨੂੰ ਪਹਿਲੇ ਦੌਰ ਵਿਚ ਬਾਈ ਮਿਲੀ ਸੀ। ਉਹ ਅਗਲੇ ਦੌਰ ਵਿਚ ਕੋਰੀਆ ਦੀ ਸੁੰਗ ਜੀ ਹਿਊਨ ਨਾਲ ਭਿੜੇਗੀ, ਜੋ 2015 ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ ਹੈ। 5ਵਾਂ ਦਰਜਾ ਪ੍ਰਾਪਤ ਸ਼੍ਰੀਕਾਂਤ ਨੇ ਸਪੇਨ ਦੇ ਪਾਬਲੋ ਏਬੀਅਨ ਨੂੰ 3 ਗੇਮ ਤਕ ਚੱਲੇ ਮੈਚ ਵਿਚ 21-15, 12-21, 21-14 ਨਾਲ ਹਰਾਇਆ। ਪਿਛਲੇ ਸਾਲ 4 ਖਿਤਾਬ ਜਿੱਤਣ ਵਾਲੇ ਸ਼੍ਰੀਕਾਂਤ ਦਾ ਸਾਹਮਣਾ ਹੁਣ ਮਲੇਸ਼ੀਆ ਦੇ ਡੇਰੇਨ ਲਿਊ ਨਾਲ ਹੋਵੇਗਾ, ਜਿਸ ਨੇ 2012 ਫ੍ਰੈਂਚ ਓਪਨ ਸੁਪਰ ਸੀਰੀਜ਼ ਜਿੱਤੀ ਸੀ।
ਬੀ. ਸਾਈ ਪ੍ਰਣੀਤ ਵੀ ਅਗਲੇ ਦੌਰ ਵਿਚ ਪਹੁੰਚ ਗਿਆ ਹੈ। ਉਸ ਨੇ ਸਪੇਨ ਦੇ ਲੁਈ ਐਨਰਿਕ ਪੋਨਾਲਵਰ ਨੂੰ 21-18, 21-11 ਨਾਲ ਹਰਾਇਆ। ਹੁਣ ਉਸ ਨੇ ਡੈੱਨਮਾਰਕ ਦੇ ਹੈਂਸ ਕ੍ਰਿਸਟਿਆਨੋ ਸੋਲਬਰਗ ਵਿਟਿੰਗਸ ਦਾ ਸਾਹਮਣਾ ਕਰਨਾ ਹੈ। ਇਕ ਹੋਰ ਮੈਚ ਵਿਚ ਪ੍ਰਣਯ ਨੇ ਚੰਗੀ ਸ਼ੁਰੂਆਤ ਕੀਤੀ ਪਰ ਉਹ ਇਸ ਨੂੰ ਬਰਕਰਾਰ ਨਹੀਂ ਰੱਖ ਸਕਿਆ ਅਤੇ ਵਿਸ਼ਵ ਵਿਚ 39ਵੀਂ ਰੈਂਕਿੰਗ ਦੇ ਕੋਲਹੋ ਕੋਲੋਂ 21-8, 16-21, 15-21 ਨਾਲ ਹਾਰ ਗਿਆ।