ICC ਵੱਲੋਂ ਜ਼ਿੰਬਾਬਵੇ ਨੂੰ ਬੈਨ ਕਰਨ ਦੇ ਬਾਅਦ ਕ੍ਰਿਕਟਰਸ ਨੇ ਪ੍ਰਗਟਾਈ ਨਿਰਾਸ਼ਾ
Friday, Jul 19, 2019 - 02:33 PM (IST)

ਹਰਾਰੇ— ਆਈ.ਸੀ.ਸੀ. ਨੇ ਸਰਕਾਰੀ ਦਖਲ ਦੇ ਬਾਅਦ ਜ਼ਿੰਬਾਬਵੇ ਨੂੰ ਬੈਨ ਕਰ ਦਿੱਤਾ ਅਤੇ ਇਸ ਫੈਸਲੇ ਨਾਲ ਸਿਕੰਦਰ ਰਜ਼ਾ ਸਮੇਤ ਜ਼ਿੰਬਾਬਵੇ ਦੇ ਕ੍ਰਿਕਟਰ ਹੈਰਾਨ ਅਤੇ ਨਿਰਾਸ਼ ਹਨ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਉਨ੍ਹਾਂ ਦਾ ਕਰੀਅਰ ਸਮਾਪਤ ਹੋ ਗਿਆ ਹੈ। ਆਈ.ਸੀ.ਸੀ. ਨੇ ਵੀਰਵਾਰ ਨੂੰ ਜ਼ਿੰਬਾਬਵੇ ਕ੍ਰਿਕਟ ਨੂੰ ਵਿਸ਼ਵ ਅਦਾਰੇ ਦੇ ਸੰਵਿਧਾਨ ਦੀ ਉਲੰਘਣਾ ਲਈ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਜੋ ਕਿਸੇ ਵੀ ਤਰ੍ਹਾਂ ਦੇ ਸਰਕਾਰੀ ਦਖਲ ਨੂੰ ਬਰਦਾਸ਼ਤ ਨਹੀਂ ਕਰਦੀ। ਰਜ਼ਾ ਨੇ ਟਵਿੱਟਰ 'ਤੇ ਭਾਵੁਕ ਪੋਸਟ 'ਚ ਲਿਖਿਆ ਕਿ ਉਹ ਇਸ ਤਰ੍ਹਾਂ ਖੇਡ ਨੂੰ ਅਲਵਿਦਾ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਨੇ ਆਪਣੇ ਹੈਂਡਲ 'ਤੇ ਲਿਖਿਆ, ''ਕਿਵੇਂ ਇਕ ਫੈਸਲੇ ਨੇ ਇਕ ਟੀਮ ਨੂੰ ਅਜਨਬੀ ਬਣਾ ਦਿੱਤਾ ਹੈ। ਕਿਵੇਂ ਇਕ ਫੈਸਲੇ ਨੇ ਇੰਨੇ ਸਾਰੇ ਲੋਕਾਂ ਨੂੰ ਬੇਰੋਜ਼ਗਾਰ ਕਰ ਦਿੱਤਾ। ਕਿਵੇਂ ਇਕ ਫੈਸਲਾ ਇੰਨੇ ਸਾਰੇ ਪਰਿਵਾਰਾਂ ਨੂੰ ਪ੍ਰਭਾਵਿਤ ਕਰਦਾ ਹੈ। ਕਿਵੇਂ ਇਕ ਫੈਸਲੇ ਨੇ ਇੰਨੇ ਸਾਰੇ ਕਰੀਅਰ ਖਰਾਬ ਕਰ ਦਿੱਤੇ, ਯਕੀਨੀ ਤੌਰ 'ਤੇ ਮੈਂ ਕੌਮਾਂਤਰੀ ਕ੍ਰਿਕਟ ਨੂੰ ਇਸ ਤਰ੍ਹਾਂ ਅਲਵਿਦਾ ਨਹੀਂ ਕਰਨਾ ਚਾਹੁੰਦਾ ਸੀ।''
ਜ਼ਿੰਬਾਬਵੇ ਦੇ ਸਾਬਕਾ ਕਪਤਾਨ ਬ੍ਰੇਂਡਨ ਟੇਲਰ ਨੇ ਕਿਹਾ ਕਿ ਇਸ ਫੈਸਲੇ ਨੇ ਇੰਨੇ ਸਾਰੇ ਲੋਕਾਂ ਦਾ ਕਰੀਅਰ ਖਤਮ ਕਰ ਦਿੱਤਾ ਜੋ ਦੇਸ਼ 'ਚ ਇਸ ਖੇਡ ਨਾਲ ਜੁੜੇ ਸਨ। ਜ਼ਿੰਬਾਬਵੇ ਦੇ ਤੇਜ਼ ਗੇਂਦਬਾਜ਼ ਕਾਇਲ ਜਾਰਵਿਸ ਨੇ ਵੀ ਸੋਸ਼ਲ ਮੀਡੀਆ 'ਤੇ ਆਪਣੀ ਨਿਰਾਸ਼ਾ ਪ੍ਰਗਟਾਈ ਹੈ। ਜਦਕਿ ਜ਼ਿੰਬਾਬਵੇ ਦੇ ਆਲਰਾਊਂਡਰ ਸੋਲੋਮੋਨ ਮਾਇਰ ਨੇ ਆਈ.ਸੀ.ਸੀ. ਦੇ ਫੈਸਲੇ ਦੇ ਬਾਅਦ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਵੀ ਐਲਾਨ ਕਰ ਦਿੱਤਾ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਲਿਖਿਆ, ''ਮੈਂ ਖਿਡਾਰੀਆਂ ਅਤੇ ਤਕਨੀਕੀ ਸਟਾਫ ਨੂੰ ਹਾਲ 'ਚ ਦੌਰੇ ਦੇ ਅੰਤ 'ਚ ਆਪਣੇ ਫੈਸਲੇ ਦੇ ਬਾਰੇ 'ਚ ਦੱਸ ਦਿੱਤਾ ਸੀ। ਮੈਂ ਤੁਰੰਤ ਪ੍ਰਭਾਵ ਨਾਲ ਜ਼ਿੰਬਾਬਵੇ ਕ੍ਰਿਕਟ ਫਾਰਮੈਟਾਂ 'ਚ ਸੰਨਿਆਸ ਲੈਣ ਦੇ ਆਪਣੇ ਫੈਸਲੇ ਦਾ ਐਲਾਨ ਅਧਿਕਾਰਤ ਤੌਰ 'ਤੇ ਕਰਨਾ ਚਾਹੁੰਦਾ ਸੀ। ਇਹ ਮੰਦਭਾਗਾ ਹੈ ਕਿ ਮੌਜੂਦਾ ਹਾਲਾਤ 'ਚ ਇਸ ਤਰ੍ਹਾਂ ਜਾਣਾ ਪੈ ਰਿਹਾ ਹੈ ਜੋ ਮੇਰੇ ਕੰਟਰੋਲ 'ਚ ਨਹੀਂ ਹੈ ਪਰ ਮੈਂ ਇਕ ਨਵੀਂ ਦਿਸ਼ਾ 'ਚ ਕਦਮ ਉਠਾਉਣ ਦਾ ਫੈਸਲਾ ਕੀਤਾ ਹੈ।'' ਜ਼ਿੰਬਾਬਵੇ ਨੂੰ ਜਨਵਰੀ 2020 'ਚ ਭਾਰਤ ਦਾ ਦੌਰਾ ਕਰਨਾ ਸੀ।