ਸ਼ੁਭੰਕਰ ਨੇ ਕੀਤਾ ਦਿਨ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ, 45 ਸਥਾਨਾ ਦਾ ਫਾਇਦਾ
Saturday, Oct 20, 2018 - 02:30 PM (IST)

ਜੇਜੂ ਆਈਲੈਂਡ : ਸ਼ੁਭੰਕਰ ਸ਼ਰਮਾ ਨੇ ਬਿਹਤਰੀਨ ਗੋਲਫ ਦਾ ਨਜ਼ਾਰਾ ਪੇਸ਼ ਕਰਦਿਆਂ ਸ਼ਨੀਵਾਰ ਨੂੰ ਇੱਥੇ 8 ਅੰਡਰ 64 ਦਿਨ ਦਾ ਸਰਵਸ੍ਰੇਸ਼ਠ ਸਕੋਰ ਕੀਤਾ ਜਿਸ ਨਾਲ ਉਹ ਸੀ. ਜੇ. ਕੱਪ ਗੋਲਫ ਟੂਰਨਾਮੈਂਟ ਦੇ ਤੀਜੇ ਦੌਰ ਤੋਂ ਬਾਅਦ 45 ਸਥਾਨਾਂ ਦੇ ਫਾਇਦੇ ਨਾਲ 26ਵੇਂ ਸਥਾਨ 'ਤੇ ਪਹੁੰਚ ਗਏ ਹਨ। ਇਹ ਦਿਨ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਰਿਹਾ। ਦੂਜੇ ਦੌਰ ਤੋਂ ਬਾਅਦ ਉਹ ਸਾਂਝੇ 71ਵੇਂ ਸਥਾਨ 'ਤੇ ਸੀ। ਸ਼ੁਭੰਕਰ ਨੇ ਪਹਿਲੇ 2 ਦੌਰ ਵਿਚ 74 ਅਤੇ 75 ਦਾ ਸਕੋਰ ਕੀਤਾ ਸੀ ਅਤੇ 36 ਹੋਲ ਤੋਂ ਬਾਅਦ ਉਸ ਦਾ ਸਕੋਰ 5 ਓਵਰ ਸੀ।
ਹੁਣ 54 ਹੋਲ ਤੋਂ ਬਾਅਦ ਉਹ 3 ਅੰਡਰ 'ਤੇ ਪਹੁੰਚ ਗਿਆ ਹੈ ਪਰ ਉਹ ਚੋਟੀ 'ਤੇ ਕਾਬਿਜ਼ ਬਰੂਕਸ ਕੋਏਪਕਾ (67) ਤੋਂ 10 ਸ਼ਾਟ ਪਿੱਛੇ ਹੈ। ਇਸ ਹਫਤੇ ਜਿੱਤ ਕੇ ਕੋਏਪਕਾ ਵਿਸ਼ਵ ਦੇ ਨੰਬਰ ਇਕ ਗੋਲਫਰ ਬਣ ਸਕਦੇ ਹਨ। ਉਸ ਦਾ ਸਕੋਰ ਅਜੇ 13 ਅੰਡਰ 203 ਹੈ। ਇਓਨ ਪੋਲਟਰ (68) ਅਤੇ ਦੂਜੇ ਦੌਰ ਵਿਚ ਚੋਟੀ 'ਤੇ ਰਹੇ ਸਕਾਟ ਪਿਅਰਸੀ (72) 9 ਅੰਡਰ 207 ਦੇ ਨਾਲ ਸਾਂਝੇ ਦੂਜੇ ਸਥਾਨ 'ਤੇ ਰਹੇ। ਸ਼ੁਭੰਕਰ ਨੇ ਸ਼ੁਰੂ ਤੋਂ ਹੀ ਚੰਗਾ ਖੇਡ ਦਿਖਾਇਆ ਅਤੇ ਪਹਿਲੇ 9 ਹੋਲ ਵਿਚ 6 ਅੰਡਰ ਦਾ ਸਕੋਰ ਬਣਾਇਆ।