ਕੋਰੋਨਾ ਆਫ਼ਤ 'ਚ ਮਦਦ ਲਈ ਅੱਗੇ ਆਏ ਕ੍ਰਿਕਟਰ, ਹੁਣ ਸ਼ਿਖਰ ਧਵਨ ਨੇ ਵੀ ਦਾਨ ਕੀਤੇ 20 ਲੱਖ ਰੁਪਏ

Saturday, May 01, 2021 - 11:13 AM (IST)

ਨਵੀਂ ਦਿੱਲੀ (ਭਾਸ਼ਾ) : ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਕੋਵਿਡ-19 ਮਹਾਮਾਰੀ ਦੀ ਖ਼ਤਰਨਾਕ ਦੂਜੀ ਲਹਿਰ ਨਾਲ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਭਾਰਤੀ ਹਸਪਤਾਲਾਂ ਲਈ ਆਕਸੀਜਨ ਸਿਲੰਡਰ ਅਤੇ ਕੰਸਨਟ੍ਰੇਟਰਸ ਖ਼ਰੀਦਣ ਲਈ ਇਕ ਐਨ.ਜੀ.ਓ. (ਗੈਰ ਸਰਕਾਰੀ ਸੰਗਠਨ) ਨੂੰ 20 ਲੱਖ ਰੁਪਏ ਦਾ ਦਾਨ ਦਿੱਤਾ ਹੈ। ਇਸ ਤੋਂ ਪਹਿਲਾਂ ਦਿੱਗਜ ਸਚਿਨ ਤੇਂਦੁਲਕਰ ਨੇ ਵੀ ‘ਮਿਸ਼ਨ ਆਕਸੀਜਨ ਇੰਡੀਆ’ ਨਾਮ ਦੇ ਇਕ ਐਨ.ਜੀ.ਓ. ਨੂੰ 1 ਕਰੋੜ ਰੁਪਏ ਦਾ ਦਾਨ ਦਿੱਤਾ ਸੀ। ‘ਮਿਸ਼ਨ ਆਕਸੀਜਨ ਇੰਡੀਆ’ ਦਾ ਸੰਚਾਲਨ ਰਾਸ਼ਟਰੀ ਰਾਜਧਾਨੀ ਖੇਤਰ (ਐਨ.ਜੀ.ਓ.) ਦੇ 250 ਕਾਰੋਬਾਰੀਆਂ ਵੱਲੋਂ ਕੀਤਾ ਜਾਂਦਾ ਹੈ। ਧਵਨ ਨੇ ਟੂਰਨਾਮੈਂਟ ਖ਼ਤਮ ਹੋਣ ਦੇ ਬਾਅਦ ਵੱਖ-ਵੱਖ ਮੈਚਾਂ ਤੋਂ ਪ੍ਰਾਪਤ ਆਪਣੀ ਪੁਰਸਕਾਰ ਰਾਸ਼ੀ ਨੂੰ ਵੀ ਦਾਨ ਕਰਨ ਦਾ ਫੈਸਲਾ ਕੀਤਾ ਹੈ।

ਇਹ ਵੀ ਪੜ੍ਹੋ : ਭਾਰਤ ਦੀ ਮਦਦ ਲਈ IPL ਤਨਖ਼ਾਹ ਦਾ ਕੁੱਝ ਹਿੱਸਾ ਦਾਨ ਕਰਨਗੇ ਨਿਕੋਲਸ ਪੂਰਨ

 

ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਲਿਖਿਆ, ‘ਇਹ ਸਮੇਂ ਦੀ ਜ਼ਰੂਰਤ ਹੈ ਕਿ ਅਸੀਂ ਇਕ-ਦੂਜੇ ਦੀ ਮਦਦ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰੀਏ।’ ਉਨ੍ਹਾਂ ਲਿਖਿਆ, ‘ਮੈਂ 20 ਲੱਖ ਰੁਪਏ ਦੇ ਇਲਾਵਾ 2021 ਆਈ.ਪੀ.ਐਲ. ਦੌਰਾਨ ਵਿਅਕਤੀਗਤ ਪ੍ਰਦਰਸ਼ਨ ਲਈ ਮੈਚ ਦੇ ਬਾਅਦ ਮਿਲਣ ਵਾਲੀ ਪੁਰਸਕਾਰ ਰਾਸ਼ੀ ਨੂੰ ਮਿਸ਼ਨ ਆਕਸੀਜਨ ਲਈ ਦਾਨ ਕਰਾਂਗਾ, ਜਿਸ ਨਾਲ ਆਕਸੀਜਨ ਲਈ ਜ਼ਰੂਰੀ ਰਕਮ ਨੂੰ ਜਮ੍ਹਾ ਕੀਤਾ ਜਾ ਸਕੇ।’ ਉਨ੍ਹਾਂ ਨੇ ਇਸ ਨਾਲ ਹੀ ਸਾਰੇ ਫਰੰਟਲਾਈਨ (ਮੈਡੀਕਲ ਅਤੇ ਹੋਰ ਜ਼ਰੂਰੀ ਕੰਮਾਂ ਨਾਲ ਜੁੜੇ ਹੋਏ) ਕਰਮੀਆਂ ਦਾ ਧੰਨਵਾਦ ਕੀਤਾ ਜੋ ਸਿਹਤ ਸੰਕਟ ਦੌਰਾਨ ਇਕ ਸਾਲ ਤੋਂ ਜ਼ਿਆਦਾ ਸਮੇਂ ਤੋਂ ਅਣਥੱਕ ਮਿਹਨਤ ਕਰ ਰਹੇ ਹਨ। ਉਨ੍ਹਾਂ ਕਿਹਾ, ‘ਅਸੀਂ ਹਮੇਸ਼ਾ ਤੁਹਾਡੇ ਰਿਣੀ ਰਹਾਂਗੇ। ਮੈਂ ਸਾਰਿਆਂ ਨੂੰ ਸਿਹਤ ਪ੍ਰੋਟੋਕਾਲ ਦਾ ਪਾਲਣ ਕਰਨ ਦੀ ਅਪੀਲ ਕਰਦਾ ਹਾਂ। ਮਾਸਕ ਦਾ ਇਸਤੇਮਾਲ ਕਰੋ ਅਤੇ ਸਫ਼ਾਈ ਅਤੇ ਸਮਾਜਕ ਦੂਰੀ ਬਣਾਈ ਰੱਖੋ।’

ਇਹ ਵੀ ਪੜ੍ਹੋ : IPL 2021: ਰਾਜਸਥਾਨ ਰਾਇਲਜ਼ ਨੇ ਭਾਰਤ ਦੀ ਮਦਦ ਲਈ ਕੋਵਿਡ ਰਾਹਤ ਫੰਡ ’ਚ ਦਾਨ ਕੀਤੇ 7.5 ਕਰੋੜ ਰੁਪਏ

ਇਸ ਤੋਂ ਪਹਿਲਾਂ ਤੇਜ਼ ਗੇਂਦਬਾਜ਼ ਜੈਦੇਵ ਉਨਾਦਕਟ ਨੇ ਕੋਵਿਡ-19 ਖ਼ਿਲਾਫ਼ ਲੜਾਈ ਲਈ ਆਈ.ਪੀ.ਐਲ. ਤਨਖ਼ਾਹ ਦਾ 10 ਫ਼ੀਸਦੀ ਹਿੱਸਾ, ਜਦੋਂ ਕਿ ਵੈਸਟਇੰਡੀਜ਼ ਦੇ ਨਿਕੋਲਸ ਪੂਰਨ ਨੇ ਵੀ ਆਪਣੀ ਕਮਾਈ ਦਾ ਇਕ ਹਿੱਸਾ ਦਾਨ ਕਰਨ ਦਾ ਐਲਾਨ ਕੀਤਾ ਹੈ। ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਪੈਟ ਕਮਿੰਸ ਪਹਿਲੇ ਵਿਦੇਸ਼ੀ ਖਿਡਾਰੀ ਸਨ, ਜਿਨ੍ਹਾਂ ਨੇ ਇਸ ਮਹਾਮਾਰੀ ਨਾਲ ਲੜਾਈ ਖ਼ਿਲਾਫ਼ ‘ਪੀ.ਐਮ. ਕੇਅਰਸ ਫੰਡ’ ਵਿਚ 50,000 ਡਾਲਰ ਦਾ ਦਾਨ ਕੀਤਾ ਸੀ। ਇਸ ਦੇ ਇਲਾਵਾ ਆਸਟ੍ਰੇਲੀਆਈ ਕ੍ਰਿਕਟ ਮੀਡੀਆ ਨੇ 4200 ਡਾਲਰ (ਲਗਭਗ 3.11 ਲੱਖ ਰੁਪਏ), ਰਾਜਸਥਾਨ ਰਾਇਲਜ਼ ਨੇ 7.5 ਕਰੋੜ, ਦਿੱਲੀ ਕੈਪੀਟਲਸ ਨੇ 1.5 ਕਰੋੜ ਰੁਪਏ ਦਾਨ ਕੀਤੇ ਹਨ।

ਇਹ ਵੀ ਪੜ੍ਹੋ : ਕੋਰੋਨਾ ਖ਼ਿਲਾਫ਼ ਜੰਗ ’ਚ ਅੱਗੇ ਆਏ ਸਚਿਨ ਤੇਂਦੁਲਕਰ, ਦਾਨ ਕੀਤੇ 1 ਕਰੋੜ ਰੁਪਏ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News