ਜੰਗਲੀ ਅੱਗ ਨਾਲ ਪੀੜਤਾਂ ਲਈ ''ਬੈਗੀ ਗ੍ਰੀਨ'' ਨੀਲਾਮ ਕਰਨਗੇ ਵਾਰਨ

01/06/2020 5:02:47 PM

ਸਪੋਰਟਸ ਡੈਸਕ— ਮਹਾਨ ਸਪਿਨਰ ਸ਼ੇਨ ਵਾਰਨ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਆਸਟਰੇਲੀਆ ਦੇ ਜੰਗਲਾਂ 'ਚ ਲੱਗੀ ਅੱਗ ਦੇ ਪੀੜਤਾਂ ਦੀ ਮਦਦ ਲਈ ਪੈਸਾ ਇਕੱਠਾ ਕਰਨ ਦੇ ਇਰਾਦੇ ਨਾਲ ਆਪਣੀ 'ਬੈਗੀ ਗ੍ਰੀਨ' ਨੀਲਾਮ ਕਰਨ ਦਾ ਫੈਸਲਾ ਕੀਤਾ ਹੈ। ਇੱਥੇ ਸਿਡਨੀ ਕ੍ਰਿਕਟ ਗ੍ਰਾਊਂਡ 'ਚ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿਚਾਲੇ ਤੀਜੇ ਟੈਸਟ ਦੇ ਦੌਰਾਨ ਵਾਰਨ ਨੇ ਆਪਣੇ ਟਵਿੱਟਰ ਹੈਂਡਲ 'ਤੇ ਇਹ ਐਲਾਨ ਕੀਤਾ।

ਵਾਰਨ ਨੇ ਬਿਆਨ 'ਚ ਕਿਹਾ, ''ਆਸਟਰੇਲੀਆ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ ਤੋਂ ਅਸੀਂ ਸਾਰੇ ਪਰੇਸ਼ਾਨ ਹਾਂ। ਇਸ ਭਿਆਨਕ ਅੱਗ ਦੇ ਇੰਨੇ ਜ਼ਿਆਦਾ ਲੋਕਾਂ 'ਤੇ ਅਸਰ ਪੈਣ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਅਤੇ ਇਸ ਦਾ ਸਾਡੇ ਸਾਰਿਆਂ 'ਤੇ ਅਸਰ ਪਿਆ ਹੈ। ਲੋਕਾਂ ਨੇ ਜ਼ਿੰਦਗੀ ਅਤੇ ਘਰ ਗੁਆਏ ਹਨ ਅਤੇ 50 ਕਰੋੜ ਤੋਂ ਜ਼ਿਆਦਾ ਜਾਨਵਰ ਵੀ ਮਾਰੇ ਗਏ।''
PunjabKesari
50 ਸਾਲਾ ਇਸ ਸਾਬਕਾ ਲੈੱਗ ਸਪਿਨਰ ਨੇ ਕਿਹਾ, ''ਅਸੀਂ ਸਾਰੇ ਇਕਜੁੱਟ ਹਾਂ ਅਤੇ ਰੋਜ਼ਾਨਾ ਯੋਗਦਾਨ ਦੇਣ ਅਤੇ ਮਦਦ ਕਰਨ ਦੇ ਤਰੀਕੇ ਲੱਭ ਰਹੇ ਹਾਂ। ਇਸ ਨੂੰ ਦੇਖਦੇ ਹੋਏ ਮੈਂ ਆਪਣੀ ਪਿਆਰੀ ਬੈਗੀ ਗ੍ਰੀਨ ਕੈਪ (350) ਦੀ ਨੀਲਾਮੀ ਕਰਨ ਦਾ ਫੈਸਲਾ ਕੀਤਾ ਹੈ ਜਿਸ ਨੂੰ ਮੈਂ ਆਪਣੇ ਪੂਰੇ ਟੈਸਟ ਕਰੀਅਰ ਦੇ ਦੌਰਾਨ ਪਹਿਨਿਆ।'' ਉਨ੍ਹਾਂ ਕਿਹਾ, ''ਉਮੀਦ ਕਰਦਾ ਹਾਂ ਕਿ ਮੇਰੀ ਬੈਗੀ ਗ੍ਰੀਨ ਉਨ੍ਹਾਂ ਲੋਕਾਂ ਦੀ ਮਦਦ ਲਈ ਧਨ ਰਾਸ਼ੀ ਜੁਟਾ ਸਕੇਗੀ ਜਿਨ੍ਹਾਂ ਨੂੰ ਇਸ ਦੀ ਬੇਹੱਦ ਜ਼ਰੂਰਤ ਹੈ।'' ਵਾਰਨ ਸਮੇਤ ਕਈ ਕ੍ਰਿਕਟਰ ਜੰਗਲਾਂ 'ਚ ਲੱਗੀ ਅੱਗ ਨਾਲ ਪੀੜਤਾਂ ਦੀ ਮਦਦ ਲਈ ਧਨ ਰਾਸ਼ੀ ਇਕੱਠਾ ਕਰ ਰਹੇ ਹਨ। ਕ੍ਰਿਸ ਲਿਨ, ਮੈਕਸਵੇਲ ਅਤੇ ਡਾਰਸੀ ਸ਼ਾਰਟ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਉਹ ਮੌਜੂਦਾ ਬਿਗ ਬੈਸ਼ ਲੀਗ 'ਚ ਆਪਣੇ ਮਾਰੇ ਗਏ ਹਰੇਕ ਛੱਕੇ ਲਈ 250 ਆਸਟਰੇਲੀਆਈ ਡਾਲਰ ਦੀ ਰਾਸ਼ੀ ਦਾਨ 'ਚ ਦੇਣਗੇ।


Tarsem Singh

Content Editor

Related News