ਸ਼ੰਮੀ ਦਾ ਫਿੱਕਾ ਪ੍ਰਦਰਸ਼ਨ, ਬੰਗਾਲ ਨੂੰ ਕੁਆਰਟਰ ਫਾਈਨਲ ’ਚ ਬੜੌਦਾ ਹੱਥੋਂ ਮਿਲੀ ਹਾਰ

Thursday, Dec 12, 2024 - 11:29 AM (IST)

ਸ਼ੰਮੀ ਦਾ ਫਿੱਕਾ ਪ੍ਰਦਰਸ਼ਨ, ਬੰਗਾਲ ਨੂੰ ਕੁਆਰਟਰ ਫਾਈਨਲ ’ਚ ਬੜੌਦਾ ਹੱਥੋਂ ਮਿਲੀ ਹਾਰ

ਬੈਂਗਲੁਰੂ– ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਦੇ ਫਿੱਕੇ ਪ੍ਰਦਰਸ਼ਨ ਕਾਰਨ ਬੰਗਾਲ ਨੂੰ ਬੁੱਧਵਾਰ ਨੂੰ ਇੱਥੇ ਸਈਅਦ ਮੁਸ਼ਤਾਕ ਅਲੀ ਟਰਾਫੀ ਦੇ ਕੁਆਰਟਰ ਫਾਈਨਲ ਵਿਚ ਬੜੌਦਾ ਹੱਥੋਂ 41 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸਲਾਮੀ ਬੱਲੇਬਾਜ਼ ਸ਼ਾਸਵਤ ਰਾਵਤ 26 ਗੇਂਦਾਂ ਵਿਚ 40 ਦੌੜਾਂ ਬਣਾ ਕੇ ਟਾਪ ਸਕੋਰਰ ਰਿਹਾ, ਜਿਸ ਨਾਲ ਬੜੌਦਾ ਨੇ 7 ਵਿਕਟਾਂ ’ਤੇ 172 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਸ਼ਾਹਬਾਜ਼ ਅਹਿਮਦ (55) ਦੀ ਸ਼ਾਨਦਾਰ ਪਾਰੀ ਦੇ ਬਾਵਜੂਦ ਬੰਗਾਲ ਦੀ ਟੀਮ 131 ਦੌੜਾਂ ’ਤੇ ਸਿਮਟ ਗਈ।

ਕਪਤਾਨ ਹਾਰਦਿਕ ਪੰਡਯਾ (27 ਦੌੜਾਂ ’ਤੇ 3 ਵਿਕਟਾਂ) ਨੇ ਆਪਣੇ ਤੇਜ਼ ਗੇਂਦਬਾਜ਼ਾਂ ਲੁਕਮਾਨ ਮੇਰੀਵਾਲ (17 ਦੌੜਾਂ ਦੇ ਕੇ 3 ਵਿਕਟਾਂ) ਤੇ ਅਤੀਤ ਸੇਠ (41 ਦੌੜਾਂ ਦੇ ਕੇ 3 ਵਿਕਟਾਂ) ਦੇ ਨਾਲ ਮਿਲ ਕੇ ਬੜੌਦਾ ਨੂੰ ਸੈਮੀਫਾਈਨਲ ਵਿਚ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਈ।

ਸ਼ੰਮੀ ਦਾ ਪ੍ਰਦਰਸ਼ਨ ਇਸ ਲਈ ਵੀ ਚਰਚਾ ਵਿਚ ਹੈ ਕਿਉਂਕਿ ਇਹ ਤਜਰਬੇਕਾਰ ਤੇਜ਼ ਗੇਂਦਬਾਜ਼ ਆਸਟ੍ਰੇਲੀਆ ਵਿਚ ਚੱਲ ਰਹੀ ਬਾਰਡਰ-ਗਾਵਸਕਰ ਟਰਾਫੀ ਦੇ ਘੱਟ ਤੋਂ ਘੱਟ ਆਖਰੀ ਦੋ ਟੈਸਟਾਂ ਲਈ ਭਾਰਤੀ ਟੀਮ ਵਿਚ ਸ਼ਾਮਲ ਹੋਣ ਲਈ ਸਖਤ ਮਿਹਨਤ ਕਰ ਰਿਹਾ ਹੈ। ਇਸ ਮੈਚ ਤੋਂ ਪਹਿਲਾਂ ਸ਼ੰਮੀ ਨੇ 8 ਮੈਚਾਂ ਵਿਚ 7.8 ਦੀ ਇਕਾਨਮੀ ਰੇਟ ਨਾਲ 11 ਵਿਕਟਾਂ ਲਈਆਂ ਸਨ ਪਰ ਬੁੱਧਵਾਰ ਦਾ ਦਿਨ ਸ਼ੰਮੀ ਲਈ ਕੁਝ ਖਾਸ ਨਹੀਂ ਰਿਹਾ। ਉਸ ਨੇ ਪਹਿਲੇ ਓਵਰ ਵਿਚ 2 ਵਾਈਡ ਨਾਲ ਸ਼ੁਰੂਆਤ ਕੀਤੀ ਤੇ ਆਪਣੇ ਸਪੈੱਲ ਦੇ ਬਾਕੀ ਸਮੇਂ ਵਿਚ ਆਪਣੀ ਗੇਂਦਬਾਜ਼ੀ ’ਚ ਕੰਟਰੋਲ ਨਹੀਂ ਦਿਖਾਇਆ। 34 ਸਾਲਾ ਸ਼ੰਮੀ ਨੇ ਦੋ ਸਪੈੱਲ ਵਿਚ ਲੱਗਭਗ 140 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਗੇਂਦਾਂ ਸੁੱਟੀਆਂ ਤੇ ਕੁਝ ਯਾਰਕਰ ਵੀ ਪਾਏ।
 


author

Tarsem Singh

Content Editor

Related News