ਵਰਲਡ ਕੱਪ ਫਾਈਨਲ 'ਚ ਪਹੁੰਚੀ ਟੀਮ ਇੰਡੀਆ, ਹਾਈਸਕੋਰਿੰਗ ਮੁਕਾਬਲੇ 'ਚ ਇੰਗਲੈਂਡ ਨੂੰ ਹਰਾਇਆ

Thursday, Mar 05, 2026 - 11:01 PM (IST)

ਵਰਲਡ ਕੱਪ ਫਾਈਨਲ 'ਚ ਪਹੁੰਚੀ ਟੀਮ ਇੰਡੀਆ, ਹਾਈਸਕੋਰਿੰਗ ਮੁਕਾਬਲੇ 'ਚ ਇੰਗਲੈਂਡ ਨੂੰ ਹਰਾਇਆ

ਸਪੋਰਟਸ ਡੈਸਕ- ਭਾਰਤੀ ਟੀਮ ਨੇ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਖੇਡੇ ਗਏ ਇੱਕ ਬੇਹੱਦ ਰੋਮਾਂਚਕ ਮੁਕਾਬਲੇ ਵਿੱਚ ਇੰਗਲੈਂਡ ਨੂੰ ਹਰਾ ਕੇ ਟੀ-20 ਵਿਸ਼ਵ ਕੱਪ 2026 ਦੇ ਫਾਈਨਲ ਵਿੱਚ ਐਂਟਰੀ ਕਰ ਲਈ ਹੈ। 5 ਮਾਰਚ 2026 ਨੂੰ ਖੇਡੇ ਗਏ ਇਸ ਦੂਜੇ ਸੈਮੀਫਾਈਨਲ ਵਿੱਚ ਭਾਰਤ ਨੇ ਇੰਗਲੈਂਡ ਨੂੰ 7 ਦੌੜਾਂ ਨਾਲ ਹਰਾਇਆ।

ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਨੇ 7 ਵਿਕਟਾਂ ਦੇ ਨੁਕਸਾਨ 'ਤੇ 253 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ। ਭਾਰਤ ਲਈ ਸੰਜੂ ਸੈਮਸਨ ਨੇ ਸਭ ਤੋਂ ਵੱਧ 89 ਦੌੜਾਂ (42 ਗੇਂਦਾਂ) ਬਣਾਈਆਂ, ਜਿਸ ਵਿੱਚ 8 ਚੌਕੇ ਅਤੇ 7 ਛੱਕੇ ਸ਼ਾਮਲ ਸਨ। ਸੈਮਸਨ ਨੇ ਆਪਣਾ ਅਰਧ-ਸੈਂਕੜਾ ਮਹਿਜ਼ 26 ਗੇਂਦਾਂ ਵਿੱਚ ਪੂਰਾ ਕੀਤਾ। ਉਨ੍ਹਾਂ ਤੋਂ ਇਲਾਵਾ ਸ਼ਿਵਮ ਦੂਬੇ ਨੇ 43 ਦੌੜਾਂ ਅਤੇ ਈਸ਼ਾਨ ਕਿਸ਼ਨ ਨੇ 39 ਦੌੜਾਂ ਦਾ ਅਹਿਮ ਯੋਗਦਾਨ ਪਾਇਆ। ਭਾਰਤ ਨੇ ਆਪਣੇ 100 ਰਨ ਸਿਰਫ 8.3 ਓਵਰਾਂ ਵਿੱਚ ਪੂਰੇ ਕੀਤੇ, ਜੋ ਕਿ ਵਿਸ਼ਵ ਕੱਪ ਨਾਕਆਊਟ ਇਤਿਹਾਸ ਦਾ ਦੂਜਾ ਸਭ ਤੋਂ ਤੇਜ਼ ਸਕੋਰ ਹੈ। ਅੰਤ ਵਿੱਚ ਤਿਲਕ ਵਰਮਾ (21) ਅਤੇ ਹਾਰਦਿਕ ਪੰਡਿਆ (27) ਨੇ ਤੇਜ਼ੀ ਨਾਲ ਦੌੜਾਂ ਜੋੜ ਕੇ ਸਕੋਰ 250 ਦੇ ਪਾਰ ਪਹੁੰਚਾਇਆ।

254 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਦਿਆਂ ਇੰਗਲੈਂਡ ਦੀ ਸ਼ੁਰੂਆਤ ਖ਼ਰਾਬ ਰਹੀ। ਫਿਲ ਸਾਲਟ (5), ਹੈਰੀ ਬਰੂਕ (7) ਅਤੇ ਕਪਤਾਨ ਜੋਸ ਬਟਲਰ (25) ਜਲਦੀ ਆਊਟ ਹੋ ਗਏ। ਹਾਲਾਂਕਿ, ਜੈਕਬ ਬੈਥਲ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਸਿਰਫ 48 ਗੇਂਦਾਂ ਵਿੱਚ 105 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਖੇਡੀ, ਜਿਸ ਨੇ ਮੈਚ ਨੂੰ ਅੰਤ ਤੱਕ ਰੋਮਾਂਚਕ ਬਣਾਈ ਰੱਖਿਆ। ਇੰਗਲੈਂਡ ਦੀ ਟੀਮ ਨਿਰਧਾਰਤ 20 ਓਵਰਾਂ ਵਿੱਚ 7 ਵਿਕਟਾਂ 'ਤੇ 246 ਦੌੜਾਂ ਹੀ ਬਣਾ ਸਕੀ।

ਬੁਮਰਾਹ ਅਤੇ ਹਾਰਦਿਕ ਨੇ ਪਲਟਿਆ ਮੈਚ

ਮੈਚ ਦੇ ਆਖਰੀ ਪਲਾਂ ਵਿੱਚ ਜਸਪ੍ਰੀਤ ਬੁਮਰਾਹ ਅਤੇ ਹਾਰਦਿਕ ਪੰਡਿਆ ਦੁਆਰਾ ਸੁੱਟੇ ਗਏ 18ਵੇਂ ਅਤੇ 19ਵੇਂ ਓਵਰ ਮੈਚ ਦੇ 'ਟਰਨਿੰਗ ਪੁਆਇੰਟ' ਸਾਬਤ ਹੋਏ, ਜਿਨ੍ਹਾਂ ਨੇ ਇੰਗਲੈਂਡ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ। ਭਾਰਤ ਵੱਲੋਂ ਹਾਰਦਿਕ ਪੰਡਿਆ, ਜਸਪ੍ਰੀਤ ਬੁਮਰਾਹ, ਅਕਸ਼ਰ ਪਟੇਲ ਅਤੇ ਵਰੁਣ ਚੱਕਰਵਰਤੀ ਨੇ ਮਹੱਤਵਪੂਰਨ ਵਿਕਟਾਂ ਹਾਸਲ ਕੀਤੀਆਂ।

8 ਮਾਰਚ ਨੂੰ ਨਿਊਜ਼ੀਲੈਂਡ ਨਾਲ ਹੋਵੇਗਾ ਮਹਾ-ਮੁਕਾਬਲਾ 

ਹੁਣ ਭਾਰਤੀ ਟੀਮ 8 ਮਾਰਚ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਹੋਣ ਵਾਲੇ ਫਾਈਨਲ ਮੁਕਾਬਲੇ ਵਿੱਚ ਨਿਊਜ਼ੀਲੈਂਡ ਦਾ ਸਾਹਮਣਾ ਕਰੇਗੀ। ਨਿਊਜ਼ੀਲੈਂਡ ਨੇ ਪਹਿਲਾਂ ਹੀ ਦੱਖਣੀ ਅਫਰੀਕਾ ਨੂੰ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਭਾਰਤ ਦੀ ਕੋਸ਼ਿਸ਼ ਲਗਾਤਾਰ ਦੂਜੀ ਵਾਰ ਵਿਸ਼ਵ ਖਿਤਾਬ ਜਿੱਤਣ ਦੀ ਹੋਵੇਗੀ।


author

Rakesh

Content Editor

Related News