ਸ਼ੈਫਾਲੀ ਨੇ ਚੋਟੀ ਦਾ ਸਥਾਨ ਗੁਆਇਆ, ਤੀਜੇ ਸਥਾਨ ''ਤੇ ਖਿਸਕੀ

Monday, Mar 09, 2020 - 06:54 PM (IST)

ਦੁਬਈ : ਭਾਰਤ ਦੀ ਨੌਜਵਾਨ ਬੱਲੇਬਾਜ਼ ਸ਼ੈਫਾਲੀ ਵਰਮਾ ਨੇ ਸੋਮਵਾਰ ਨੂੰ ਆਈ. ਸੀ. ਸੀ. ਮਹਿਲਾ ਟੀ-20 ਕੌਮਾਂਤਰੀ ਰੈਂਕਿੰਗ ਵਿਚ ਚੋਟੀ ਸਥਾਨ ਗੁਆ ਦਿੱਤਾ, ਜਿਸ ਨਾਲ ਉਹ ਤੀਜੇ ਸਥਾਨ 'ਤੇ ਖਿਸਕ ਗਈ। ਉਹ ਮੈਲਬੋਰਨ ਵਿਚ ਆਸਟਰੇਲੀਆ ਵਿਰੁੱਧ ਵਿਸ਼ਵ ਕੱਪ ਫਾਈਨਲ ਵਿਚ ਸਿਰਫ 2 ਦੌੜਾਂ ਹੀ ਬਣਾ ਸਕੀ ਸੀ। 16 ਸਾਲਾ ਸ਼ੈਫਾਲੀ (744 ਅੰਕ) ਨੇ ਹਾਲ ਹੀ ਵਿਚ ਆਸਟਰੇਲੀਆ ਵਿਚ ਖਤਮ ਹੋਏ ਟੀ-20 ਵਿਸ਼ਵ ਕੱਪ ਦੇ ਲੀਗ  ਗੇੜ ਦੇ ਖਤਮ ਹੋਣ ਤੋਂ ਬਾਅਦ ਚੋਟੀ ਦਾ ਸਥਾਨ ਹਾਸਲ ਕਰ ਲਿਆ ਸੀ।

PunjabKesari

ਆਸਟਰੇਲੀਆਈ ਟੀਮ ਫਾਈਨਲ ਵਿਚ ਭਾਰਤ ਨੂੰ ਹਰਾ ਕੇ 5ਵੀਂ ਵਾਰ ਖਿਤਾਬ ਆਪਣੀ ਝੋਲੀ ਵਿਚ ਪਾਉਣ ਵਿਚ ਸਫਲ ਰਹੀ। ਐਤਵਾਰ ਨੂੰ ਫਾਈਨਲ ਵਿਚ ਅਜੇਤੂ 78 ਦੌੜਾਂ ਬਣਾਉਣ ਵਾਲੀ ਉਸਦੀ ਸਲਾਮੀ ਬੱਲੇਬਾਜ਼ ਬੇਥ ਮੂਨੀ 2 ਸਥਾਨਾਂ ਦੀ ਛਲਾਂਗ ਨਾਲ 762 ਅੰਕ ਲੈ ਕੇ ਚੋਟੀ 'ਤੇ ਪਹੁੰਚ ਗਈ। ਮੂਨੀ ਨੇ 6 ਪਾਰੀਆਂ ਵਿਚ 64 ਦੀ ਔਸਤ ਨਾਲ 259 ਦੌੜਾਂ ਬਣਾਈਆਂ, ਜਿਹੜੀ ਟੂਰਨਾਮੈਂਟ ਵਿਚ ਇਕ ਗੇੜ ਵਿਚ ਕਿਸੇ ਖਿਡਾਰੀ ਦੀਆਂ ਸਭ ਤੋਂ ਵੱਧ ਦੌੜਾਂ ਵੀ ਰਹੀਆਂ, ਜਿਸ ਨਾਲ ਉਸ ਨੂੰ 'ਪਲੇਅਰ ਆਫ ਦਿ ਟੂਰਨਾਮੈਂਟ' ਚੁਣਿਆ ਗਿਆ ਹੈ। ਉਹ ਆਪਣੇ  ਕਰੀਅਰ ਵਿਚ ਪਹਿਲੀ ਵਾਰ ਰੈਂਕਿੰਗ ਵਿਚ ਚੋਟੀ 'ਤੇ ਪਹੁੰਚੀ ਹੈ।

PunjabKesari

ਭਾਰਤੀ ਉਪ ਕਪਤਾਨ ਮੰਧਾਨਾ ਇਕ ਸਥਾਨ ਹੇਠਾਂ ਖਿਸਕ ਕੇ 7ਵੇਂ ਸਥਾਨ 'ਤੇ ਪਹੁੰਚ ਗਈ ਹੈ ਜਦਕਿ ਰੋਡ੍ਰਿਗੇਜ਼ 9ਵੇਂ ਸਥਾਨ 'ਤੇ ਬਰਕਰਾਰ ਹੈ। ਮੂਨੀ ਦੀ ਸਾਥੀ ਸਲਾਮੀ ਬੱਲੇਬਾਜ਼ ਐਲਿਸਾ ਹੀਲੀ 2 ਸਥਾਨਾਂ ਦੀ ਛਲਾਂਗ ਨਾਲ 5ਵੇਂ ਸਥਾਨ 'ਤੇ ਪਹੁੰਚ ਗਈ ਹੈ। ਭਾਰਤ ਦੀ ਦੀਪਤੀ ਸ਼ਰਮਾ 10 ਸਥਾਨਾਂ ਦੇ ਫਾਇਦੇ ਨਾਲ ਬੱਲੇਬਾਜ਼ਾਂ ਦੀ ਸੂਚੀ ਵਿਚ 43ਵਾਂ ਸਥਾਨ ਹਾਸਲ ਕਰਨ ਵਿਚ ਸਫਲ ਰਹੀ ਜਦਕਿ ਉਹ ਪਹਿਲੀ ਵਾਰ ਟਾਪ-50 ਦੇ ਆਲਰਾਊਂਡਰਾਂ ਵਿਚ ਸ਼ਾਮਲ ਹੋਈ। ਦੀਪਿਤਾ, ਰਾਧਾ ਯਾਦਵ ਤੇ ਪੂਨਮ ਯਾਦਵ ਗੇਂਦਬਾਜ਼ਾਂ ਦੀ ਰੈਂਕਿੰਗ ਵਿਚ ਕ੍ਰਮਵਾਰ 6ਵੇਂ, 7ਵੇਂ ਤੇ 8ਵੇਂ ਨੰਬਰ 'ਤੇ ਹਨ। ਇਨ੍ਹਾਂ ਵਿਚਾਲੇ ਇੰਗਲੈਂਡ ਦੀ ਸੋਫੀ ਐਕਸੇਲਸਟੋਨ ਚੋਟੀ 'ਤੇ ਹੈ।


Related News