ਓਸਾਕਾ ਨੇ ਵਹ੍ਹਾਇਆ ਪਸੀਨਾ, ਸੇਰੇਨਾ ਆਸਾਨੀ ਨਾਲ ਆਖਰੀ-16 ''ਚ

01/19/2019 4:18:13 PM

ਮੈਲਬੋਰਨ : ਸੇਰੇਨਾ ਵਿਲੀਅਮਸ ਨੇ ਯੁਕ੍ਰੇਨ ਦੀ ਕਿਸ਼ੋਰੀ ਦਿਆਨਾ ਯਾਸਤ੍ਰੇਮਸਕਾ ਨੂੰ ਟੈਨਿਸ ਵਿਚ ਸਖਤ ਸਬਕ ਸਿਖਾ ਕੇ ਆਸਟਰੇਲੀਆਈ ਓਪਨ ਮਹਿਲਾ ਸਿੰਗਲਜ਼ ਦੇ ਆਖਰੀ-16 'ਚ ਜਗ੍ਹਾ ਬਣਾਈ ਪਰ ਯੂ. ਐੱਸ. ਓਪਨ ਚੈਂਪੀਅਨ ਖਿਡਾਰੀ ਨਾਓਮੀ ਓਸਾਕਾ ਅਤੇ 6ਵਾਂ ਦਰਜਾ ਪ੍ਰਾਪਤ ਇਲੀਨਾ ਸਵਿਤੋਲੀਨਾ ਨੂੰ 3 ਸੈੱਟ ਤੱਕ ਪਸੀਨਾ ਬਹਾਉਣਾ ਪਿਆ। ਮਾਰਗ੍ਰੇਟ ਕੋਰਟ ਦੇ ਰਿਕਾਰਡ 24 ਗ੍ਰੈਂਡਸਲੈਮ ਸਿੰਗਲਜ਼ ਖਿਤਾਬ ਦੀ ਬਰਾਬਰੀ ਦੀ ਕੋਸ਼ਿਸ਼ 'ਚ ਲੱਗੀ ਸੇਰੇਨਾ ਨੇ ਵਿਸ਼ਵ ਵਿਚ 57ਵੇਂ ਨੰਬਰ ਦੀ ਯਾਸਤ੍ਰੇਮਸਕਾ ਨੂੰ 6-2, 6-1 ਨਾਲ ਹਰਾਇਆ। ਉਸ ਦਾ ਅਗਲਾ ਮੁਕਾਬਲਾ ਵੱਡੀ ਭੈਣ ਅਤੇ ਇਸ ਸਾਲ ਗੈਰ ਦਰਜਾ ਪ੍ਰਾਪਤ ਵੀਨਸ ਵਿਲੀਅਮਸ ਜਾਂ ਵਿਸ਼ਵ ਕੱਪ ਵਿਚ ਨੰਬਰ ਇਕ ਸਿਮੋਨਾ ਹਾਲੇਪ ਨਾਲ ਹੋ ਸਕਦਾ ਹੈ। 2 ਸਾਲ ਪਹਿਲਾਂ 2 ਮਹੀਨੇ ਦੀ ਗਰਭਵਤੀ ਹੋਣ ਦੇ ਬਾਵਜੂਦ ਇੱਥੇ ਆਪਣਾ 23ਵਾਂ ਗ੍ਰੈਂਡਸਲੈਮ ਖਿਤਾਬ ਜਿੱਤਮ ਵਾਲੀ ਸੇਰੇਨਾ ਨੂੰ ਇਸ ਵਾਰ 16ਵਾਂ ਦਰਜਾ ਦਿੱਤਾ ਗਿਆ ਹੈ ਪਰ ਉਹ ਖਿਤਾਬ ਦੀ ਮਜ਼ਬੂਤ ਦਾਅਵੇਦਾਰ ਹੈ।

PunjabKesari

ਸੇਰੇਨਾ ਨੇ 1999 ਵਿਚ ਜਦੋਂ ਪਹਿਲਾਂ ਖਿਤਾਬ ਜਿੱਤਿਆ ਸੀ ਉਸ ਸਮੇਂ ਉਸ ਦੀ ਵਿਰੋਧੀ ਯਾਸਤ੍ਰੇਮਸਕਾ ਦਾ ਜਨਮ ਵੀ ਨਹੀਂ ਹੋਇਆ ਸੀ। ਮਹਿਲਾ ਵਰਗ ਵਿਚ ਚੌਥਾ ਦਰਜਾ ਪ੍ਰਾਪਤ ਓਸਾਕਾ ਨੇ ਤਾਈਵਾਨ ਦੀ ਤਜ਼ਰਬੇਕਾਰ ਖਿਡਾਰਨ ਸੀਹ ਸੁ ਵੇਈ ਨੂੰ 7-5, 4-6, 6-1 ਨਾਲ ਹਰਾ ਕੇ ਆਖਰੀ-16 ਵਿਚ ਜਗ੍ਹਾ ਬਣਾਈ। ਉਸ ਨੇ ਹੁਣ ਲਾਤਵੀਆ ਦੀ ਐੱਨਵਾਸਤੋਵਾ ਨਾਲ ਭਿੜਨਾ ਹੈ ਜਿਸ ਨੇ ਚੀਨ ਦੀ ਵਾਂਗ ਕਵੀਯਾਂਗ ਨੂੰ ਸਿੱਧੇ ਸੈੱਟਾਂ ਵਿਚ 6-3, 6-3 ਨਾਲ ਹਰਾਇਆ। ਸਵਿਤੋਲੀਨਾ ਨੂੰ ਮੋਢੇ 'ਚ ਦਰਦ ਕਾਰਨ ਲਗਾਤਾਰ ਇਲਾਜ ਕਰਾਉਣਾ ਪਿਆ। ਉਹ ਚੀਨ ਦੀ ਝਾਂਗ ਸ਼ੁਹਾਈ ਤੋਂ ਪਹਿਲਾਂ ਸੈੱਟ ਗੁਆ ਕੇ ਬੈਠੀ ਪਰ ਇਸ ਤੋਂ ਬਾਅਦ ਉਸ ਨੇ ਵਾਪਸੀ ਕਰ ਕੇ 4-6, 6-4, 7-5 ਨਾਲ ਜਿੱਤ ਦਰਜ ਕੀਤੀ। ਅਮਰੀਕਾ ਦੀ 17ਵਾਂ ਦਰਜਾ ਪ੍ਰਾਪਤ ਮੈਡਿਸਨ ਕੀਜ ਵੀ ਬੈਲਜੀਅਮ ਦੀ 12ਵਾਂ ਦਰਜਾ ਐਲਿਸ ਮਾਰਟਨਸ ਨੂੰ 6-4, 6-2 ਨਾਲ ਹਰਾ ਕੇ ਅੱਗੇ ਵਧਣ 'ਚ ਸਫਲ ਰਹੀ। ਜਾਪਾਨ ਦੇ ਕੇਈ ਨਿਸ਼ੀਕੋਰੀ ਨੇ ਪੁਰਸ਼ ਸਿੰਗਲਜ਼ ਦੇ ਆਖਰੀ-16 ਵਿਚ ਪ੍ਰਵੇਸ਼ ਕੀਤਾ। ਇਸ 8ਵਾਂ ਦਰਜਾ ਪ੍ਰਾਪਤ ਖਿਡਾਰੀ ਨੇ ਪੁਰਤਗਾਲ ਦੇ 44ਵੀਂ ਰੈਂਕਿੰਗ ਦੇ ਜੋਯੋ ਸੋਉਸਾ ਨੂੰ 2 ਘੰਟੇ 6 ਮਿੰਟ ਤਕ ਚੱਲੇ ਮੈਚ ਵਿਚ 7-6, 6-1, 6-2 ਨਾਲ ਹਰਾਇਆ।

PunjabKesari

ਵਿਸ਼ਵ ਦੇ ਸਾਬਕਾ ਨੰਬਰ 3 ਖਿਡਾਰੀ ਮਿਲੋਸ ਰਾਓਨਿਚ ਨੇ ਫ੍ਰਾਂਸ ਦੇ ਪਿਯਰੇ ਹਿਊਜ ਹਰਬਰਟ ਨੂੰ ਹਰਾ ਕੇ ਚੌਥੇ ਦੌਰ'ਚ ਜਗ੍ਹਾ ਬਣਾਈ। ਇਸ 16ਵਾਂ ਦਰਜਾ ਖਿਡਾਰੀ ਨੇ 6-4, 6-4, 7-6 ਨਾਲ ਜਿੱਤ ਦਰਜ ਕੀਤੀ ਅਤੇ ਉਸ ਦਾ ਅਗਲਾ ਸਾਹਮਣਾ ਚੌਥਾ ਦਰਜਾ ਪ੍ਰਾਪਤ ਅਲੈਗਜ਼ੈਂਡਰ ਜਵੇਰੇਵ ਜਾਂ ਵਾਈਲਡ ਕਾਰਡਧਾਰੀ ਆਸਟਰੇਲੀਆਈ ਐਲੈਕਸ ਬੋਲਟ ਨਾਲ ਹੋ ਸਕਦਾ ਹੈ। ਰੂਸ ਦੇ 15ਵਾਂ ਦਰਜਾ ਦਾਨਿਲ ਮੇਦਵੇਦੇਵ ਨੇ ਬੈਲਜੀਅਮ ਦੇ 21ਵਾਂ ਦਰਜਾ ਡੇਵਿਡ ਗੋਫਿਨ ਨੂੰ 6-2, 7-6 (7/3), 6-3 ਅਤੇ ਸਪੇਨ ਦੇ 23ਵਾਂ ਦਰਜਾ ਪ੍ਰਾਪਤ ਪਾਬਲੋ ਕਾਰੇਨੋ ਬਸਟਾ ਨੇ ਇਟਲੀ ਦੇ 12ਵਾਂ ਦਰਜਾ ਪ੍ਰਾਪਤ ਫੈਬਿਓ ਫੋਗਨਿਨੀ ਨੂੰ 6-2, 6-4, 2-6, 6-4 ਨਾਲ ਹਰਾ ਕੇ ਅਗਲੇ ਦੌਰ 'ਚ ਜਗ੍ਹਾ ਬਣਾਈ।


Related News