ਡਿਸਕਸ ਥ੍ਰੋਅਰ ਖਿਡਾਰੀ ਸੀਮਾ ਪੂਨੀਆ ਨੇ ਓਲੰਪਿਕ ਲਈ ਕੀਤਾ ਕੁਆਲੀਫ਼ਾਈ
Wednesday, Jun 30, 2021 - 12:28 PM (IST)
ਸਪੋਰਟਸ ਡੈਸਕ— ਤਜਰਬੇਕਾਰ ਡਿਸਕਸ ਥ੍ਰੋਅਰ ਖਿਡਾਰੀ ਸੀਮਾ ਪੂਨੀਆ ਨੇ ਮੰਗਲਵਾਰ ਨੂੰ ਟੋਕੀਓ ਓਲੰਪਿਕ ਲਈ ਕੁਆਲੀਫ਼ਾਈ ਕਰ ਲਿਆ। ਉਨ੍ਹਾਂ ਨੇ ਰਾਸ਼ਟਰੀ ਅੰਤਰ ਰਾਜ ਐਥਲੈਟਿਕਸ ਚੈਂਪੀਅਨਸ਼ਿਪ ’ਚ 63.70 ਮੀਟਰ ਦਾ ਥ੍ਰੋਅ ਸੁੱਟ ਕੇ ਸੋਨ ਤਮਗ਼ਾ ਜਿੱਤਿਆ। 37 ਸਾਲਾ ਪੂਨੀਆ ਨੇ 2018 ਰਾਸ਼ਟਰਮੰਡਲ ਖੇਡਾਂ ’ਚ ਚਾਂਦੀ ਤੇ 2018 ਏਸ਼ੀਆਈ ਖੇਡਾਂ ’ਚ ਕਾਂਸੀ ਤਮਗੇ ਜਿੱਤੇ ਸਨ।
ਉਨ੍ਹਾਂ ਨੇ 63.50 ਮੀਟਰ ਦਾ ਓਲੰਪਿਕ ਕੁਆਲੀਫਾਇੰਗ ਮਾਰਕ ਹਾਸਲ ਕੀਤਾ। ਪੂਨੀਆ ਦਾ 2004, 2012, 2016 ਦੇ ਬਾਅਦ ਇਹ ਚੌਥਾ ਓਲੰਪਿਕ ਹੈ। ਉਹ ਇਸ ਮੁਕਾਬਲੇ ’ਚ ਓਲੰਪਿਕ ਲਈ ਕੁਆਲੀਫ਼ਾਈ ਕਰਨ ਵਾਲੀ ਦੂਜੀ ਭਾਰਤੀ ਮਹਿਲਾ ਹੈ। ਰਾਸ਼ਟਰੀ ਰਿਕਾਰਡ ਬਣਾਉਣ ਵਾਲੀ ਕਮਲਪ੍ਰੀਤ ਕੌਰ ਨੇ 66.59 ਮੀਟਰ ਦਾ ਥ੍ਰੋਅ ਸੁੱਟ ਕੇ ਸੋਮਵਾਰ ਨੂੰ ਕੁਆਲੀਫ਼ਾਈ ਕੀਤਾ।