ਕੋਚ ਦੀ ਭਾਲ : ਸਮਾਂ ਹੱਦ ਖਤਮ, BCCI ਤੇ ਗੰਭੀਰ ਨੇ ਧਾਰੀ ਚੁੱਪ

05/28/2024 11:25:05 AM

ਨਵੀਂ ਦਿੱਲੀ– ਭਾਰਤੀ ਪੁਰਸ਼ ਕ੍ਰਿਕਟ ਟੀਮ ਦੇ ਮੁੱਖ ਕੋਚ ਦੇ ਅਹੁਦੇ ਲਈ ਅਪਲਾਈ ਕਰਨ ਦੀ ਸਮਾਂ-ਹੱਦ ਸੋਮਵਾਰ ਨੂੰ ਖਤਮ ਹੋ ਗਈ ਪਰ ਬੀ. ਸੀ. ਸੀ. ਆਈ. ਤੇ ਅਹੁਦੇ ਦੇ ਪ੍ਰਮੁੱਖ ਦਾਅਵੇਦਾਰ ਗੌਤਮ ਗੰਭੀਰ ਨੇ ਇਸ ’ਤੇ ਚੁੱਪ ਧਾਰ ਰੱਖੀ ਹੈ। ਕੋਲਕਾਤਾ ਨਾਈਟ ਰਾਈਡਰਜ਼ ਨੂੰ ਤੀਜਾ ਆਈ. ਪੀ. ਐੱਲ. ਖਿਤਾਬ ਦਿਵਾਉਣ ਵਾਲੇ ਗੰਭੀਰ ਦੀ ਦਾਅਵੇਦਾਰ ਪ੍ਰਮੁੱਖ ਲੱਗ ਰਹੀ ਹੈ। ਦੋਵੇਂ ਪੱਖਾਂ ਨੇ ਇਸ ਬਾਰੇ ਵਿਚ ਕੁਝ ਕਿਹਾ ਨਹੀਂ ਹੈ ਪਰ ਲੱਗਦਾ ਹੈ ਕਿ ਬੀ. ਸੀ. ਸੀ. ਆਈ. ਦੇ ਸਾਹਮਣੇ ਜ਼ਿਆਦਾ ਦਮਦਾਰ ਬਦਲ ਨਹੀਂ ਹੈ।
ਸਮਝਿਆ ਜਾਂਦਾ ਹੈ ਕਿ ਕਿਸੇ ਵੱਡੇ ਵਿਦੇਸ਼ੀ ਨਾਂ ਦੇ ਅਹੁਦੇ ਲਈ ਅਪਲਾਈ ਨਹੀਂ ਕੀਤਾ ਹੈ ਤੇ ਬੋਰਡ ਸਕੱਤਰ ਜੈ ਸ਼ਾਹ ਕਹਿ ਹੀ ਚੁੱਕਾ ਹੈ ਕਿ ਉਸ ਨੂੰ ਅਜਿਹੇ ਉਮੀਦਵਾਰ ਦੀ ਭਾਲ ਹੈ ਜਿਹੜਾ ਭਾਰਤੀ ਕ੍ਰਿਕਟ ਦੇ ਘਰੇਲੂ ਢਾਂਚੇ ਤੋਂ ਬਾਖੂਬੀ ਜਾਣੂ ਹੈ। ਬੀ. ਸੀ. ਸੀ. ਆਈ. ਦੀਆਂ ਨਜ਼ਰਾਂ ਰਾਸ਼ਟਰੀ ਕ੍ਰਿਕਟ ਅਕੈਡਮੀ ਦੇ ਮੁਖੀ ਵੀ. ਵੀ. ਐੱਸ. ਲਕਸ਼ਮਣ ’ਤੇ ਸਨ ਪਰ ਹੈਦਰਾਬਾਦ ਦੇ ਇਸ ਸਟਾਈਲਿਸ਼ ਸਾਬਕਾ ਕ੍ਰਿਕਟਰ ਦੀ ਫੁੱਲਟਾਈਮ ਅਹੁਦੇ ਵਿਚ ਕੋਈ ਦਿਲਚਸਪੀ ਨਹੀਂ ਦਿਸਦੀ।
ਬੋਰਡ ਦੇ ਇਕ ਸੂਤਰ ਨੇ ਦੱਸਿਆ, ‘‘ਸਮਾਂ ਹੱਦ ਠੀਕ ਹੈ ਪਰ ਬੋਰਡ ਫੈਸਲਾ ਲੈਣ ਤੋਂ ਪਹਿਲਾਂ ਕੁਝ ਹੋਰ ਸਮਾਂ ਲੈ ਸਕਦਾ ਹੈ। ਇਸ ਸਮੇਂ ਟੀਮ ਟੀ-20 ਵਿਸ਼ਵ ਕੱਪ ਦੀ ਤਿਆਰੀ ਵਿਚ ਰੁੱਝੀ ਹੋਈ ਹੈ। ਇਸ ਤੋਂ ਬਾਅਦ ਸ਼੍ਰੀਲੰਕਾ ਤੇ ਜ਼ਿੰਬਾਬਵੇ ਦੇ ਦੌਰੇ ’ਤੇ ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿੱਤਾ ਜਾਵੇਗਾ ਤੇ ਐੱਨ. ਸੀ. ਏ. ਤੋਂ ਕੋਈ ਸੀਨੀਅਰ ਕੋਚ ਟੀਮ ਦੇ ਨਾਲ ਜਾ ਸਕਦਾ ਹੈ। ਅਜਿਹੇ ਵਿਚ ਜਲਦੀ ਕੀ ਹੈ।’’
ਕੇ. ਕੇ.ਆਰ. ਦੇ ਮਾਲਕ ਸ਼ਾਹਰੁਖ ਖਾਨ ਨਾਲ ਗੰਭੀਰ ਦੇ ਕਾਫੀ ਗੂੜੇ ਸਬੰਧ ਹਨ, ਲਿਹਾਜਾ ਉਸਦੇ ਲਈ ਆਈ. ਪੀ. ਐੱਲ. ਟੀਮ ਨੂੰ ਛੱਡਣਾ ਆਸਾਨ ਨਹੀਂ ਹੋਵੇਗਾ। ਇਕ ਹੋਰ ਪਹਿਲੂ ਇਹ ਹੈ ਕਿ ਇਸ ਸਮੇਂ ਨਿਊਯਾਰਕ ਵਿਚ ਮੌਜੂਦ ਭਾਰਤ ਦੇ ਸੀਨੀਅਰ ਖਿਡਾਰੀਆਂ ਦਾ ਗੰਭੀਰ ਦੇ ਕੋਚ ਬਣਨ ਦੀ ਸੰਭਾਵਨਾ ’ਤੇ ਕੀ ਵਿਚਾਰ ਹੈ, ਇਸ ਨੂੰ ਅਣਦੇਖਿਆ ਨਹੀਂ ਕੀਤਾ ਜਾ ਸਕਦਾ।


Aarti dhillon

Content Editor

Related News