ਸਾਤਵਿਕ-ਚਿਰਾਗ ਦੀ ਜੋੜੀ ਆਲ ਇੰਗਲੈਂਡ ਚੈਂਪੀਅਨਸ਼ਿਪ ’ਚੋਂ ਬਾਹਰ
Friday, Mar 15, 2024 - 06:27 PM (IST)
ਬਰਮਿੰਘਮ- ਭਾਰਤ ਦੇ ਸਾਤਵਿਕ ਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਦੁਨੀਆ ਦੀ ਨੰਬਰ ਇਕ ਜੋੜੀ ਇਥੇ ਦੇਰ ਰਾਤ ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ ਦੇ ਪੁਰਸ਼ ਡਬਲਜ਼ ਪ੍ਰੀ ਕੁਆਰਟਰ ਫਾਈਨਲ ਵਿਚੋਂ ਬਾਹਰ ਹੋ ਗਈ। ਭਾਰਤੀ ਜੋੜੀ ਨੂੰ ਪ੍ਰੀ-ਕੁਆਰਟਰ ਫਾਈਨਲ ’ਚ ਇੰਡੋਨੇਸ਼ੀਆ ਦੇ ਮੁਹੰਮਦ ਸ਼ੋਹਿਲ ਫਿਕਰੀ ਤੇ ਬਾਗਾਸ ਮੌਲਾਨਾ ਦੀ ਜੋੜੀ ਹੱਥੋਂ 16-21, 15-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇੰਡੋਨੇਸ਼ੀਆਈ ਜੋੜੀ ਇਥੇ 2022 ’ਚ ਚੈਂਪੀਅਨ ਰਹੀ ਸੀ।
ਚੋਟੀ ਦਰਜਾ ਪ੍ਰਾਪਤ ਭਾਰਤੀ ਜੋੜੀ ਨੇ ਪਿਛਲੇ ਹਫਤੇ ਫ੍ਰੈਂਚ ਓਪਨ ਦਾ ਖਿਤਾਬ ਜਿੱਤਿਆ ਸੀ ਪਰ ਇਥੇ ਤੀਜਾ ਦਰਜਾ ਪ੍ਰਾਪਤ ਵਿਰੋਧੀਆਂ ਦੇ ਦਬਾਅ ਨਾਲ ਨਜਿੱਠ ਨਹੀਂ ਸਕੀ ਤੇ ਇਕ ਘੰਟੇ ਤੋਂ ਵੱਧ ਸਮੇਂ ਤਕ ਚੱਲੇ ਮੁਕਾਬਲੇ ’ਚ ਹਾਰ ਕੇ ਬਾਹਰ ਹੋ ਗਈ।
ਤਨੀਸ਼ਾ ਕ੍ਰਾਸਟੋ ਤੇ ਅਸ਼ਵਿਨੀ ਪੋਨੱਪਾ ਦੀ ਜੋੜੀ ਵੀ ਮਹਿਲਾ ਡਬਲਜ਼ ਦੇ ਰਾਊਂਡ-16 ’ਚੋਂ ਬਾਹਰ ਹੋ ਗਈ। ਉਸ ਨੂੰ ਚੀਨ ਦੀ ਝਾਂਗ ਸ਼ੂ ਜਿਆਨ ਤੇ ਜੇਂਗ ਯੂ ਦੀ ਜੋੜੀ ਹੱਥੋਂ 21-11, 11-21, 11-21 ਨਾਲ ਹਾਰ ਝੱਲਣੀ ਪਈ।
ਉਥੇ ਹੀ, ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀ. ਵੀ. ਸਿੰਧੂ ਦੀ ਮੁਹਿੰਮ ਦੁਨੀਆ ਦੀ ਨੰਬਰ ਇਕ ਖਿਡਾਰਨ ਦੱਖਣੀ ਕੋਰੀਆ ਦੀ ਆਨ ਸੇ ਯੰਗ ਹੱਥੋਂ 19-21, 11-21 ਦੀ ਹਾਰ ਨਾਲ ਖਤਮ ਹੋ ਗਈ।