ਮਲੇਸ਼ੀਆ ਓਪਨ ਦੇ ਫਾਈਨਲ ’ਚ ਹਾਰੇ ਸਾਤਵਿਕ-ਚਿਰਾਗ
Sunday, Jan 14, 2024 - 07:27 PM (IST)
ਕੁਆਲਾਲੰਪੁਰ, (ਭਾਸ਼ਾ)– ਭਾਰਤ ਦੇ ਸਾਤਵਿਕ ਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਇੱਥੇ ਮਲੇਸ਼ੀਆ ਓਪਨ ਸੁਪਰ 1000 ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਡਬਲਜ਼ ਦੇ ਫਾਈਨਲ ਵਿਚ ਚੀਨ ਦੇ ਲਿਆਂਗ ਵੇਈ ਕੇਂਗ ਤੇ ਵਾਂਗ ਦੀ ਵਿਸ਼ਵ ਦੀ ਨੰਬਰ ਇਕ ਜੋੜੀ ਤੋਂ ਸੰਘਰਸ਼ਪੂਰਣ ਮੁਕਾਬਲੇ ਵਿਚ ਹਾਰ ਗਏ ਤੇ ਇਸ ਤਰ੍ਹਾਂ ਨਾਲ ਉਨ੍ਹਾਂ ਨੂੰ ਉਪ ਜੇਤੂ ਬਣ ਕੇ ਸਬਰ ਕਰਨਾ ਪਿਆ।
ਦੋਵੇਂ ਜੋੜੀਆਂ ਨੇ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕੀਤਾ ਪਰ ਏਸ਼ੀਆਈ ਖੇਡਾਂ ਵਿਚ ਸੋਨ ਤਮਗਾ ਜਿੱਤਣ ਵਾਲੀ ਸਾਤਵਿਕ ਤੇ ਚਿਰਾਗ ਦੀ ਜੋੜੀ ਪਹਿਲਾ ਸੈੱਟ ਜਿੱਤਣ ਤੇ ਫੈਸਲਾਕੁੰਨ ਸੈੱਟ ਵਿਚ 11-7 ਦੀ ਬੜ੍ਹਤ ਦਾ ਫਾਇਦਾ ਨਹੀਂ ਚੁੱਕ ਸਕੀ ਤੇ ਆਖਿਰ ਵਿਚ ਉਸ ਨੂੰ ਲਿਆਂਗ ਤੇ ਵਾਂਗ ਹੱਥੋਂ 21-9, 18-21, 17-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਜੋੜੀ ਦੀ ਲਿਆਂਗ ਤੇ ਵਾਂਗ ਹੱਥੋਂ ਇਹ ਚੌਥੀ ਹਾਰ ਹੈ। ਇਹ ਦੋਵੇਂ ਜੋੜੀਆਂ ਪਿਛਲੇ ਸਾਲ ਚਾਰ ਵਾਰ ਆਹਮੋ-ਸਾਹਮਣੇ ਸਨ, ਜਿਨ੍ਹਾਂ ਵਿਚੋਂ ਚੀਨ ਦੀ ਜੋੜੀ ਤਿੰਨ ਮੁਕਾਬਲੇ ਜਿੱਤਣ ਵਿਚ ਸਫਲ ਰਹੀ ਸੀ। ਸਾਤਵਿਕ ਤੇ ਚਿਰਾਗ ਨੇ ਇਸ ਵਿਚਾਲੇ ਸਿਰਫ ਕੋਰੀਆ ਓਪਨ ਸੁਪਰ 500 ਟੂਰਨਾਮੈਂਟ ਵਿਚ ਆਪਣੀ ਇਸ ਵਿਰੋਧੀ ਟੀਮ ਨੂੰ ਹਰਾਇਆ ਸੀ।