ਸਬੂਤ ਨਾ ਹੋਣ ਦੇ ਬਾਵਜੂਦ ਮੇਰੇ 'ਤੇ ਦੋਸ਼ ਲਗਾਉਣਾ ਮੰਦਭਾਗਾ : ਜੈਸੂਰੀਆ
Wednesday, Feb 27, 2019 - 11:02 AM (IST)

ਕੋਲੰਬੋ— ਭ੍ਰਿਸ਼ਟਾਚਾਰ ਰੋਕੂ ਜਾਂਚ 'ਚ ਰੁਕਾਵਟ ਪਾਉਣ ਦੇ ਲਈ ਮੰਗਲਵਾਰ ਨੂੰ 2 ਸਾਲ ਲਈ ਬੈਨ ਕੀਤੇ ਗਏ ਸਨਥ ਜੈਸੂਰੀਆ ਨੇ ਇਸ ਫੈਸਲੇ ਨੂੰ ਮੰਦਭਾਗਾ ਕਰਾਰ ਦਿੱਤਾ ਅਤੇ ਦਾਅਵਾ ਕੀਤਾ ਕਿ ਆਈ.ਸੀ.ਸੀ. ਕੋਲ ਉਨ੍ਹਾਂ ਖਿਲਾਫ ਭ੍ਰਿਸ਼ਟਾਚਾਰ, ਸੱਟੇਬਾਜ਼ੀ ਅਤੇ ਅੰਦਰੂਨੀ ਸੂਚਨਾ ਦੀ ਦੁਰਵਰਤੋਂ ਦੇ ਕੋਈ ਸਬੂਤ ਨਹੀਂ ਹਨ। ਸ਼੍ਰੀਲੰਕਾਈ ਕ੍ਰਿਕਟ 'ਚ ਵੱਡੇ ਪੱਧਰ 'ਤੇ ਫੈਲੇ ਭ੍ਰਿਸ਼ਟਾਚਾਰ ਦੀ ਆਈ.ਸੀ.ਸੀ. ਦੀ ਜਾਂਚ ਦੇ ਦੌਰਾਨ ਜੈਸੂਰੀਆ ਨਾਲ ਪੁੱਛਗਿੱਛ ਕੀਤੀ ਗਈ ਸੀ। ਉਨ੍ਹਾਂ ਨੂੰ ਆਈ.ਸੀ.ਸੀ. ਜ਼ਾਬਤੇ ਦੀ ਧਾਰਾ 2.4.6 ਅਤੇ 2.4.7 ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਹੈ। ਇਸ 'ਚ ਧਾਰਾ 2.4.6 ਬਿਨਾ ਕਿਸੇ ਢੁਕਵੇਂ ਕਾਰਨ ਦੇ ਏ.ਸੀ.ਯੂ. ਦੀ ਕਿਸੇ ਜਾਂਚ 'ਚ ਸਹਿਯੋਗ ਨਾ ਕਰਨਾ ਅਤੇ ਉਸ 'ਚ ਅਸਫਲ ਰਹਿਣ ਅਤੇ ਧਾਰਾ 2.4.7 ਏ.ਸੀ.ਯੂ. ਦੀ ਕਿਸੇ ਜਾਂਚ 'ਚ ਦੇਰੀ ਜਾਂ ਰੁਕਾਵਟ ਪਹੁੰਚਾਉਣ ਦੀ ਨਾਲ ਸਬੰਧਤ ਹਨ।
ਜੈਸੂਰੀਆ ਨੇ ਕਿਹਾ, ''ਇਹ ਮੰਦਭਾਗਾ ਹੈ ਕਿ ਭਾਵੇਂ ਮੈਂ ਅਧਿਕਾਰੀਆਂ ਵੱਲੋਂ ਮੰਗੀ ਗਈ ਸਾਰੀ ਜਾਣਕਾਰੀ ਆਈ.ਸੀ.ਸੀ. ਏ.ਸੀ.ਯੂ. ਨੂੰ ਮੁਹੱਈਆ ਕਰਾਈ ਸੀ ਪਰ ਆਈ.ਸੀ.ਸੀ. ਏ.ਸੀ.ਯੂ. ਨੇ ਮੇਰੇ 'ਤੇ ਜ਼ਾਬਤੇ ਤਹਿਤ ਦੋਸ਼ ਲਗਾਉਣਾ ਸਹੀ ਸਮਝਿਆ ਹਾਲਾਂਕਿ ਭ੍ਰਿਸ਼ਟਾਚਾਰ, ਸੱਟੇਬਾਜ਼ੀ ਅਤੇ ਅੰਦਰੂਨੀ ਸੂਚਨਾ ਦੀ ਦੁਰਵਰਤੋਂ ਦਾ ਕੋਈ ਦੋਸ਼ ਨਹੀਂ ਸੀ।'' ਜੈਸੂਰਿਆ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਉੱਚ ਮਿਆਰਾਂ ਦੇ ਨਾਲ ਇਹ ਖੇਡ ਖੇਡਿਆ ਹੈ। ਉਨ੍ਹਾਂ ਕਿਹਾ, ''ਮੈਂ ਹਮੇਸ਼ਾ ਦੇਸ਼ ਨੂੰ ਸਭ ਤੋਂ ਪਹਿਲਾਂ ਤਰਜੀਹ ਦਿੱਤੀ ਅਤੇ ਕ੍ਰਿਕਟ ਪ੍ਰੇਮੀ ਜਨਤਾ ਇਸ ਦਾ ਗਵਾਹ ਰਹੀ ਹੈ। ਮੈਂ ਸ਼੍ਰੀਲੰਕਾ ਦੀ ਜਨਤਾ ਅਤੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦਾ ਹਾਂ ਜੋ ਮੁਸ਼ਕਲ ਦੌਰ 'ਚ ਮੇਰੇ ਨਾਲ ਖੜੇ ਹਨ।''