ਸਾਕਸ਼ੀ ਧੋਨੀ ਨੂੰ ਚਾਹੀਦੀ ਹੈ ਬੰਦੂਕ, ਕਿਹਾ- ਜਾਨ ਨੂੰ ਹੈ ਖਤਰਾ

06/20/2018 2:11:47 PM

ਨਵੀਂ ਦਿੱਲੀ (ਬਿਊਰੋ)— ਟੀਮ ਇੰਡੀਆ ਦੇ ਸਟਾਰ ਕ੍ਰਿਕਟਰ ਅਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਪਤਨੀ ਸਾਕਸ਼ੀ ਧੋਨੀ ਨੇ ਆਰਮਜ਼ ਲਾਈਸੈਂਸ ਦੀ ਮੰਗ ਕੀਤੀ ਹੈ। ਸਾਕਸ਼ੀ ਨੇ ਕਿਹਾ ਕਿ ਉਹ ਜ਼ਿਆਦਾਤਰ ਸਮੇਂ ਘਰ 'ਚ ਇਕੱਲੀ ਹੁੰਦੀ ਹੈ ਅਤੇ ਅਜਿਹੇ 'ਚ ਉਸ ਦੀ ਜਾਨ ਨੂੰ ਖਤਰਾ ਹੈ। ਸਾਕਸ਼ੀ ਨੇ ਪਿਸਟਲ ਜਾਂ ਫਿਰ 0.32 ਰਿਵਾਲਵਰ ਦੇ ਲਈ ਬੇਨਤੀ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ ਲਗਭਗ 9 ਸਾਲ ਪਹਿਲਾਂ ਮਹਿੰਦਰ ਸਿੰਘ ਧੋਨੀ ਨੇ ਲਾਈਸੈਂਸੀ ਪਿਸਟਲ ਖਰੀਦੀ ਸੀ, ਜਿਸ ਦੇ ਲਈ ਉਨ੍ਹਾਂ ਨੂੰ ਕਾਫੀ ਮਸ਼ੱਕਤ ਵੀ ਕਰਨੀ ਪਈ ਸੀ।

ਸਾਕਸ਼ੀ ਨੇ ਆਰਮਜ਼ ਲਾਈਸੈਂਸ ਦੇ ਲਈ ਬੇਨਤੀ ਕਰਦੇ ਹਏ ਕਿਹਾ ਕਿ ਘਰ 'ਚ ਉਹ ਜ਼ਿਆਦਾਤਰ ਸਮੇਂ ਇਕੱਲੀ ਹੁੰਦੀ ਹੈ ਅਤੇ ਨਿੱਜੀ ਕੰਮਾਂ ਲਈ ਉਸ ਨੂੰ ਇਕੱਲੇ ਇਧਰ-ਉਧਰ ਵੀ ਜਾਣਾ ਪੈਂਦਾ ਹੈ। ਲਿਹਾਜ਼ਾ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਹਥਿਆਰ ਖਰੀਦਣ ਦਾ ਲਾਈਸੈਂਸ ਦਿੱਤਾ ਜਾਵੇ। ਸਾਕਸ਼ੀ ਨੇ ਲਾਈਸੈਂਸ ਲਈ ਮੈਜਿਸਟ੍ਰੇਟ ਦਫਤਰ 'ਚ ਬੇਨਤੀ ਕੀਤੀ ਸੀ ਜਿਸ ਨੂੰ ਅਰਗੋੜਾ ਥਾਣੇ ਭੇਜ ਦਿੱਤਾ ਗਿਆ।

ਜਾਂਚ ਦੇ ਬਾਅਦ ਪਤਾ ਲੱਗਾ ਹੈ ਕਿ ਸਾਕਸ਼ੀ ਦੇ ਖਿਲਾਫ ਕੋਈ ਕੇਸ ਨਹੀਂ ਚਲ ਰਿਹਾ ਹੈ, ਤਾਂ ਉਨ੍ਹਾਂ ਦੀ ਬੇਨਤੀ ਨੂੰ ਡੀ.ਐੱਸ.ਪੀ. ਵਿਕਾਸ ਪਾਂਡੇ ਦੇ ਕੋਲ ਭੇਜ ਦਿੱਤਾ ਗਿਆ। ਹੁਣ ਉਨ੍ਹਾਂ ਦੀ ਬੇਨਤੀ ਐੱਸ.ਐੱਸ.ਪੀ. ਦਫਤਰ ਤੱਕ ਪਹੁੰਚ ਚੁੱਕੀ ਹੈ। ਹੁਣ ਦੇਖਦੇ ਹਾਂ ਕਿ ਸਾਕਸ਼ੀ ਦੀ ਬੇਨਤੀ ਸਵੀਕਾਰ ਕੀਤੀ ਜਾਂਦੀ ਹੈ ਜਾਂ ਨਹੀਂ।


Related News