ਭਾਜਪਾ ਭਰਮਾ ਰਹੀ ਹੈ ਨਵੇਂ ਵਰਗ ਨੂੰ

05/28/2024 5:05:19 PM

ਨਵੀਂ ਦਿੱਲੀ- ਇਹ ਕਾਫੀ ਹੈਰਾਨੀ ਵਾਲੀ ਗੱਲ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਭਰੋਸਾ ਜਤਾਇਆ ਸੀ ਕਿ 4 ਜੂਨ ਨੂੰ ਚੋਣ ਨਤੀਜਿਆਂ ਦੇ ਐਲਾਨ ਪਿੱਛੋਂ ਸ਼ੇਅਰ ਬਾਜ਼ਾਰ ’ਚ ਜ਼ਬਰਦਸਤ ਉਛਾਲ ਆਏਗਾ। ਇਹ ਕਾਫ਼ੀ ਬੇਮਿਸਾਲ ਹੈ ਕਿ ਪ੍ਰਧਾਨ ਮੰਤਰੀ ਨੇ ਲੋਕ ਸਭਾ ਦੀਆਂ ਚੋਣਾਂ ਦੌਰਾਨ 19 ਮਈ ਨੂੰ ਇਕ ਟੀ. ਵੀ. ਇੰਟਰਵਿਊ ਦੌਰਾਨ ਇਹ ਗੱਲ ਕਹੀ।

ਇਹ ਹੈਰਾਨੀਜਨਕ ਵੀ ਸੀ ਕਿਉਂਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ 13 ਮਈ ਨੂੰ ਕਿਹਾ ਸੀ ਕਿ 4 ਜੂਨ ਤੋਂ ਬਾਅਦ ਸ਼ੇਅਰ ਬਾਜ਼ਾਰ ’ਚ ਉਛਾਲ ਆਏਗਾ। ਉਨ੍ਹਾਂ ਦਾਅਵਾ ਕੀਤਾ ਸੀ ਕਿ ਭਾਜਪਾ ਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਭਾਰੀ ਬਹੁਮਤ ਨਾਲ ਸੱਤਾ ’ਚ ਆਉਣਗੀਆਂ ਤੇ ਐੱਨ. ਡੀ. ਏ. ਗੱਠਜੋੜ 400 ਸੀਟਾਂ ਦਾ ਅੰਕੜਾ ਪਾਰ ਕਰੇਗਾ।

ਅਮਿਤ ਸ਼ਾਹ ਨੇ ਲੋਕਾਂ ਨੂੰ 4 ਜੂਨ ਤੋਂ ਪਹਿਲਾਂ ਖਰੀਦਦਾਰੀ ਕਰਨ ਦੀ ਸਲਾਹ ਵੀ ਦਿੱਤੀ ਸੀ। ਸਰਕਾਰ ਦੇ ਇਕ ਕਰੀਬੀ ਨੇ ਕਿਹਾ ਸੀ ਕਿ ਬਿਨਾਂ ਕਾਰਨ ਨਾ ਤਾਂ ਪ੍ਰਧਾਨ ਮੰਤਰੀ ਤੇ ਨਾ ਹੀ ਗ੍ਰਹਿ ਮੰਤਰੀ ਕੁਝ ਕਰਦੇ ਤੇ ਕਹਿੰਦੇ ਹਨ।

ਸਮਝਿਆ ਜਾਂਦਾ ਹੈ ਕਿ ਇਸ ਤਰ੍ਹਾਂ ਦੀਆਂ ਭਵਿੱਖਬਾਣੀਆਂ ਕਰ ਕੇ ਭਾਜਪਾ ਵੋਟਰਾਂ ਦੇ ਇਕ ਬਹੁਤ ਹੀ ਅਹਿਮ ਵਰਗ ਨੂੰ ਆਪਣੇ ਪੱਖ ’ਚ ਖਿੱਚ ਰਹੀ ਹੈ। ਸਟਾਕ ਮਾਰਕੀਟ ’ਚ 8 ਕਰੋੜ ਤੋਂ ਵੱਧ ਪ੍ਰਚੂਨ ਨਿਵੇਸ਼ਕ ਹਨ ਜੋ ਭਾਜਪਾ ਦੇ ਚੋਣਾਂ ਨਾ ਜਿੱਤ ਸਕਣ ਕਾਰਨ ਆਪਣੇ ਨਿਵੇਸ਼ ਨੂੰ ਲੈ ਕੇ ਚਿੰਤਤ ਹਨ।

ਇਹ ਨਵੇਂ ਨਿਵੇਸ਼ਕ 2015 ਤੋਂ ਬਾਅਦ ਹੀ ਸਟਾਕ ਮਾਰਕੀਟ ’ਚ ਆਏ ਕਿਉਂਕਿ ਪੀ.ਐੱਮ. ਮੋਦੀ ਦੀ ਲੀਡਰਸ਼ਿਪ ਨੇ ਉਨ੍ਹਾਂ ਨੂੰ ਇੰਨਾ ਭਰੋਸਾ ਦਿੱਤਾ ਸੀ ਕਿ ਭਾਰਤ ਯਕੀਨੀ ਤੌਰ ’ਤੇ ਜੈਕਪਾਟ ਮਾਰੇਗਾ। ਇਹ ਅੱਠ ਕਰੋੜ ਨਿਵੇਸ਼ਕ ਡਿੱਗਦੇ ਬਾਜ਼ਾਰ ਤੋਂ ਚਿੰਤਤ ਸਨ ਤੇ ਭਾਜਪਾ ਲੀਡਰਸ਼ਿਪ ਉਨ੍ਹਾਂ ਨੂੰ ਸ਼ਾਂਤ ਕਰਨਾ ਚਾਹੁੰਦੀ ਹੈ। ਦੂਜਾ ਇਹ 8 ਕਰੋੜ ਨਿਵੇਸ਼ਕ ਇਹ ਯਕੀਨੀ ਬਣਾਉਣ ਲਈ ਭਾਜਪਾ ਤੇ ਮੋਦੀ ਨੂੰ ਵੋਟ ਦੇ ਸਕਦੇ ਹਨ ਕਿ ਉਨ੍ਹਾਂ ਦੇ ਨਿਵੇਸ਼ ਨੂੰ ਚੰਗੀ ਰਿਟਰਨ ਮਿਲੇਗੀ।


Rakesh

Content Editor

Related News