ਭਾਰਤੀ ਸਟਾਰ ਸ਼ਟਲਰ ਸਾਇਨਾ ਸਯੱਦ ਮੋਦੀ ਕੌਮਾਂਤਰੀ ਚੈਂਪੀਅਨਸ਼ਿਪ ਤੋਂ ਹਟੀ
Tuesday, Nov 26, 2019 - 03:53 PM (IST)

ਲਖਨਊ : ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੇ ਨਿਜੀ ਕਾਰਣਾਂ ਤੋਂ ਸਯੱਦ ਮੋਦੀ ਕੌਮਾਂਤਰੀ ਚੈਂਪੀਅਨਸ਼ਿਪ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ। ਪਿਛਲੇ ਸਾਲ ਮਹਿਲਾ ਸਿੰਗਲਜ਼ ਦੀ ਉਪਜੇਤੂ ਸਾਇਨਾ ਨੇਹਵਾਲ ਦੇ ਟੂਰਨਾਮੈਂਟ ਵਿਚ ਖੇਡੇ ਜਾਣ ਨੂੰ ਲੈ ਕੇ ਅਟਕਲਾਂ ਲਾਈਆਂ ਜਾ ਰਹੀਆਂ ਸੀ। ਆਯੋਜਨ ਕਮੇਟੀ ਦੇ ਇਕ ਸੀਨੀਅਰ ਮੈਂਬਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸਾਇਨਾ ਨੇ ਸਿਹਤ ਕਾਰਣਾਂ ਦਾ ਹਵਾਲਾ ਦਿੰਦਿਆਂ ਆਪਣਾ ਨਾਂ ਵਾਪਸ ਲਿਆ ਹੈ। ਇਸ ਤੋਂ ਪਹਿਲਾਂ ਟੋਕੀਓ ਓਲੰਪਿਕ ਲਈ ਪਸੀਨਾ ਵਹ੍ਹਾ ਰਹੀ ਵਰਲਡ ਚੈਂਪੀਅਨ ਪੀ. ਵੀ. ਸਿੰਧੂ ਨੇ ਡੇਢ ਲੱਖ ਡਾਲਰ ਦੀ ਇਨਾਮੀ ਰਾਸ਼ੀ ਵਾਲੇ ਇਸ ਬੀ. ਡਬਲਿਊ. ਐੱਫ. ਵਰਲਡ ਟੂਰ ਸੁਪਰ-300 ਟੂਰਨਾਮੈਂਟ ਵਿਚ ਹਿੱਸਾ ਨਹੀਂ ਲੈਣ ਦਾ ਫੈਸਲਾ ਕੀਤਾ ਸੀ।
ਸਿੰਧੂ ਅਤੇ ਸਾਇਨਾ ਦੇ ਹੱਟ ਜਾਣ ਨਾਲ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਵਰਗ ਵਿਚ ਭਾਰਤ ਦੀ ਚੁਣੌਤੀ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ ਹੋ ਗਈ ਹੈ। ਸਾਇਨਾ ਦੇ ਹਟਣ ਨਾਲ ਸਥਾਨਕ ਖੇਡ ਪ੍ਰੇਮੀਆਂ ਨੂੰ ਕਾਫੀ ਨਿਰਾਸ਼ਾ ਹੋਈ ਹੈ ਜੋ ਸਾਇਨਾ ਦੇ ਕੋਰਟ 'ਤੇ ਉਤਰਨ ਦੀ ਉਡੀਕ ਕਰ ਰਹੇ ਸੀ। ਸਾਇਨਾ ਦਾ ਹਾਲ ਹੀ 'ਚ ਪ੍ਰਦਰਸ਼ਨ ਕਾਫੀ ਖਰਾਬ ਰਿਹਾ ਹੈ। ਪਿਛਲੇ 6 ਟੂਰਨਾਮੈਂਟ ਵਿਚੋਂ ਉਹ ਸਿਰਫ ਇਕ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਤਕ ਪਹੁੰਚ ਸਕੀ ਹੈ। 5 ਟੂਰਨਾਮੈਂਟਾਂ ਵਿਚ ਉਹ ਪਹਿਲੇ ਜਾਂ ਦੂਜੇ ਦੌਰ ਵਿਚੋਂ ਹੀ ਬਾਹਰ ਹੋ ਗਈ ਹੈ।