ਸਾਇਨਾ ਨੇ ਕੀਤਾ ਨਿਰਾਸ਼, ਮਹਿਲਾ ਬੈਡਮਿੰਟਨ ਟੀਮ ਜਾਪਾਨ ਤੋਂ 1-3 ਨਾਲ ਹਾਰੀ
Monday, Aug 20, 2018 - 01:09 PM (IST)
ਜਕਾਰਤਾ : ਸਟਾਰ ਸ਼ਟਲਰ ਪੀ. ਵੀ. ਸਿੰਧੂ ਦਾ ਇਕਲੌਤਾ ਦਮਦਾਰ ਪ੍ਰਦਰਾਸ਼ਨ ਭਾਰਤੀ ਮਹਿਲਾ ਬੈਡਮਿੰਟਨ ਟੀਮ ਦੀ ਜਿੱਤ ਦੇ ਲਈ ਘੱਟ ਸਾਬਤ ਹੋਇਆ ਅਤੇ ਉਸ ਨੂੰ 18ਵੇਂ ਏਸ਼ੀਆਈ ਖੇਡਾਂ 'ਚ ਸੋਮਵਾਰ ਨੂੰ ਬੈਡਮਿੰਟਨ ਟੀਮ ਮੁਕਾਬਲੇ 'ਚ ਜਾਪਾਨ ਤੋਂ ਕੁਆਰਟਰਫਾਈਨਲ ਮੈਚ 'ਚ 1-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸਾਇਨਾ ਨੇਹਵਾਲ ਨੇ ਫਿਰ ਮਹੱਤਵਪੂਰਨ ਮੈਚ 'ਚ ਕਾਫੀ ਸੰਘਰਸ਼ ਕੀਤਾ ਪਰ ਜਾਪਾਨ ਦੀ ਨੋਜੋਮੀ ਓਕੂਹਾਰਾ ਨੇ ਉਸ ਨੂੰ 21-11, 23-25, 21-16 ਨਾਲ ਮਹੱਤਵਪੂਰਨ ਮੈਚ 'ਚ ਹਰਾ ਕੇ ਭਾਰਤ ਨੂੰ ਦੂਜੇ ਅੰਕ ਤੋਂ ਵਾਂਝਿਆ ਕਰ ਦਿੱਤਾ। ਬੈਸਟ ਆਫ ਫਾਈਵ ਦੇ ਇਸ ਟੂਰਨਾਮੈਂਟ 'ਚ ਓਲੰਪਿਕ ਤਮਗਾ ਜੇਤੂ ਸਿੰਧੂ ਹੀ ਭਾਰਤ ਦੇ ਲਈ ਇਕਲੌਤਾ ਅੰਕ ਬਟੋਰ ਸਕੀ। ਸਿੰਧੂ ਨੇ ਵਿਸ਼ਵ ਦੀ ਦੂਜੇ ਨੰਬਰ ਦੀ ਖਿਡਾਰੀ ਅਕਾਨੇ ਯਾਮਾਗੁੱਚੀ ਨੂੰ ਲਗਾਤਾਰ ਸੈੱਟਾਂ 'ਚ 21-18, 21-19, ਨਾਲ ਹਰਾ ਕੇ ਭਾਰਤ ਨੂੰ ਬੜ੍ਹਤ ਦਿਵਾਈ ਪਰ ਮਹਿਲਾ ਡਬਲ 'ਚ ਐੱਨ. ਸਿੱਕੀ ਰੈੱਡੀ ਅਤੇ ਅਸ਼ਵਨੀ ਪੋਨੱਪਾ ਦੀ ਜੋੜੀ ਨੂੰ ਅਲੱਗ ਕਰਨ ਦਾ ਫੈਸਲਾ ਗਲਤ ਸਾਬਤ ਹੋਇਆ। ਸਿੱਕੀ ਅਤੇ ਆਰਤੀ ਸਾਰਾ ਨੂੰ ਇਕ ਟੀਮ 'ਚ ਉਤਾਰਿਆ ਗਿਆ ਜਿਸ ਨੂੰ ਯੂਕੀ ਫੁਫੁਸ਼ਿਮਾ ਅਤੇ ਸਯਾਕਾ ਹਿਰੋਤੋ ਨੇ ਲਗਾਤਾਰ ਸੈੱਟਾਂ 'ਚ ਹਰਾ ਕੇ ਬਾਹਰ ਕਰ ਦਿੱਤਾ। ਡਬਲ 'ਚ ਪੋਨੱਪਾ ਅਤੇ ਸਿੰਧੂ ਨੂੰ ਵੀ ਹਾਰ ਮਿਲੀ ਅਤੇ ਉਹ ਮਿਸਾਕੀ ਮਾਤਸੁਮੋਤੋ ਅਤੇ ਅਯਾਕਾ ਤਾਕਾਹਾਸ਼ੀ ਤੋਂ ਹਾਰ ਕੇ ਬਾਹਰ ਹੋ ਗਈ। ਇਸ ਤੋਂ ਪਹਿਲਾਂ ਪੁਰਸ਼ ਬੈਡਮਿੰਟਨ ਟੀਮ ਮਾਲਦੀਵ ਨੂੰ 3-0 ਨਾਲ ਹਰਾ ਕੇ ਕੁਆਰਟਰ-ਫਾਈਨਲ 'ਚ ਪ੍ਰਵੇਸ਼ ਕੀਤਾ ਸੀ ਜਿੱਥੇ ਉਸ ਦਾ ਸਾਹਮਣਾ ਮੇਜ਼ਬਾਨ ਇੰਡੋਨੇਸ਼ੀਆ ਨਾਲ ਹੋਵੇਗਾ।
