ਸਚਿਨ ਤੇ ਸੰਜੀਤ ਮੁੱਕੇਬਾਜ਼ੀ ਵਿਸ਼ਵ ਕੁਆਲੀਫਾਇਰ ’ਚ ਜਿੱਤੇ
Friday, May 31, 2024 - 10:55 AM (IST)
ਬੈਂਕਾਕ- ਭਾਰਤ ਦੇ ਸਚਿਨ ਸਿਵਾਚ (57 ਕਿਲੋਗ੍ਰਾਮ) ਅਤੇ ਸੰਜੀਤ ਕੁਮਾਰ (92 ਕਿਲੋਗ੍ਰਾਮ) ਨੇ ਵੀਰਵਾਰ ਇਥੇ ਮੁੱਕੇਬਾਜ਼ੀ ਵਿਸ਼ਵ ਕੁਆਲੀਫਾਇਰ ਵਿਚ ਆਪੋ-ਆਪਣੇ ਵਿਰੋਧੀਆਂ ਖਿਲਾਫ ਆਸਾਨ ਜਿੱਤ ਦਰਜ ਕਰਕੇ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰਨ ਦੇ ਨੇੜੇ ਪਹੁੰਚ ਗਏ। ਸਚਿਨ ਨੇ ਪ੍ਰੀ-ਕੁਆਰਟਰ ਫਾਈਨਲ ’ਚ ਤੁਰਕੀਏ ਦੇ ਓਲੰਪੀਅਨ ਬਟੂਹਾਨ ਸਿਫਤਾਸੀ ਨੂੰ ਸਰਬਸੰਮਤੀ ਨਾਲ ਲਏ ਫੈਸਲੇ ’ਚ 5-0 ਨਾਲ ਹਰਾਇਆ। ਸੰਜੀਤ ਨੇ ਰਾਊਂਡ ਆਫ 32 ’ਚ ਵੈਨੇਜ਼ੁਏਲਾ ਦੇ ਲੁਈਸ ਸਾਂਚੇਜ਼ ਨੂੰ ਇਸੇ ਫਰਕ ਨਾਲ ਹਰਾਇਆ।
ਸਚਿਨ ਨੂੰ ਪੈਰਿਸ ਖੇਡਾਂ ਲਈ ਕੁਆਲੀਫਾਈ ਕਰਨ ਲਈ 2 ਹੋਰ ਮੈਚ ਜਿੱਤਣੇ ਪੈਣਗੇ ਕਿਉਂਕਿ ਉਸ ਦੇ 57 ਕਿਲੋਗ੍ਰਾਮ ਭਾਰ ਵਰਗ ’ਚੋਂ ਸਿਰਫ਼ ਤਿੰਨ ਮੁੱਕੇਬਾਜ਼ ਹੀ ਓਲੰਪਿਕ ’ਚ ਜਗ੍ਹਾ ਪਾ ਸਕਣਗੇ। ਸੰਜੀਤ ਨੂੰ ਰਾਊਂਡ ਆਫ 64 ’ਚ ਬਾਈ ਮਿਲੀ ਸੀ ਅਤੇ ਹੁਣ ਉਸ ਨੂੰ ਵੀ 2 ਹੋਰ ਮੁੱਕੇਬਾਜ਼ਾਂ ਨੂੰ ਹਰਾਉਣਾ ਪਵੇਗਾ।
ਰਾਸ਼ਟਰਮੰਡਲ ਖੇਡਾਂ 2022 ਦਾ ਸੋਨ ਤਮਗਾ ਜੇਤੂ ਅਮਿਤ ਪੰਘਾਲ ਵੀਰਵਾਰ ਨੂੰ 51 ਕਿਲੋਗ੍ਰਾਮ ਵਰਗ ’ਚ ਮੈਕਸੀਕੋ ਦੇ ਮੌਰੀਸੀਓ ਰੁਈਜ਼ ਨਾਲ ਭਿੜੇਗਾ, ਜਦਕਿ ਜੈਸਮੀਨ ਦਾ ਸਾਹਮਣਾ ਔਰਤਾਂ ਦੇ 57 ਕਿਲੋਗ੍ਰਾਮ ਵਰਗ ’ਚ ਅਜ਼ਰਬਾਈਜਾਨ ਦੀ ਮਾਹਸਤੀ ਹਮਜ਼ਾਏਵਾ ਨਾਲ ਹੋਵੇਗਾ।