ਦੌੜਾਕ ਹਿਮਾ ਦਾਸ ਨੇ ਕੋਰੋਨਾ ਨੂੰ ਦਿੱਤੀ ਮਾਤ, ਲੋਕਾਂ ਦਾ ਕੀਤਾ ਧੰਨਵਾਦ

Thursday, Oct 21, 2021 - 03:50 PM (IST)

ਦੌੜਾਕ ਹਿਮਾ ਦਾਸ ਨੇ ਕੋਰੋਨਾ ਨੂੰ ਦਿੱਤੀ ਮਾਤ, ਲੋਕਾਂ ਦਾ ਕੀਤਾ ਧੰਨਵਾਦ

ਨਵੀਂ ਦਿੱਲੀ (ਭਾਸ਼ਾ) : ਭਾਰਤ ਦੀ ਸਟਾਰ ਫਰਾਟਾ ਦੌੜਾਕ ਹਿਮਾ ਦਾਸ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਹ ਕੋਵਿਡ-19 ਟੈਸਟ ਵਿਚ ਨੈਗੇਟਿਵ ਪਾਈ ਗਈ ਹੈ। ਪਿਛਲੇ ਹਫ਼ਤੇ ਪਟਿਆਲਾ ਵਿਚ ਰਾਸ਼ਟਰੀ ਕੈਂਪ ਲਈ ਪਰਤਣ ’ਤੇ 21 ਸਾਲ ਦੀ ਹਿਮਾ ਕੋਵਿਡ-19 ਪਾਜ਼ੇਟਿਵ ਪਾਈ ਗਈ ਸੀ। ਪੈਰ ਦੀਆਂ ਮਾਸਪੇਸ਼ੀਆਂ ਵਿਚ ਸੱਟ ਦੇ ਬਾਅਦ ਵਾਪਸੀ ਕਰ ਰਹੀ ਹਿਮਾ ਨੇ ਟਵਿਟਰ ਜ਼ਰੀਏ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ :ਵਿਰਾਟ ਕੋਹਲੀ ਨੇ ਅਨੁਸ਼ਕਾ ਅਤੇ ਵਾਮਿਕਾ ਨਾਲ ਤਸਵੀਰ ਕੀਤੀ ਸਾਂਝੀ, ਪ੍ਰਸ਼ੰਸਕਾਂ ਨੇ ਕੀਤੀ ਇਹ ਮੰਗ

PunjabKesari

ਉਨ੍ਹਾਂ ਲਿਖਿਆ, ‘ਮੈਨੂੰ ਸਾਰਿਆਂ ਨੂੰ ਇਹ ਦੱਸਦੇ ਹੋਏ ਖ਼ੁਸ਼ੀ ਹੈ ਕਿ ਮੈਂ ਕੋਵਿਡ-19 ਨੈਗੇਟਿਵ ਪਾਈ ਗਈ ਹਾਂ। ਤੁਹਾਡੇ ਪਿਆਰ ਭਰੇ ਸੰਦੇਸ਼ਾਂ ਲਈ ਸਾਰਿਆਂ ਦਾ ਧੰਨਵਾਦ। ਟਰੈਕ ’ਤੇ ਵਾਪਸੀ ਲਈ ਹੋਰ ਇੰਤਜ਼ਾਰ ਨਹੀਂ ਕਰ ਸਕਦੀ। ਉਮੀਦ ਕਰਦੀ ਹਾਂ ਕਿ ਸਾਰੇ ਸੁਰੱਖਿਅਤ ਅਤੇ ਸਿਹਤਮੰਦ ਹੋਣਗੇ।’ ਹਿਮਾ 200 ਮੀਟਰ ਵਿਚ 22.80 ਦਾ ਕੁਆਲੀਫਾਇੰਗ ਪੱਧਰ ਹਾਸਲ ਕਰਨ ਵਿਚ ਨਾਕਾਮ ਰਹਿਣ ਕਾਰਨ ਟੋਕੀਓ ਓਲੰਪਿਕ ਵਿਚ ਜਗ੍ਹਾ ਨਹੀਂ ਬਣਾ ਸਕੀ ਸੀ। ਉਨ੍ਹਾਂ ਨੇ ਇਸ ਸਾਲ ਮਾਰਚ ਵਿਚ ਫੈਡਰੇਸ਼ਨ ਕੱਪ ਵਿਚ 23.21 ਸਕਿੰਟ ਦਾ ਸਮਾਂ ਲਿਆ ਸੀ। ਇਸ ਦੇ ਬਾਅਦ ਪੈਰ ਦੀਆਂ ਮਾਸਪੇਸ਼ੀਆਂ ਵਿਚ ਸੱਟ ਕਾਰਨ ਰਾਸ਼ਟਰੀ ਚੈਂਪੀਅਨਸ਼ਿਪ ਜ਼ਰੀਏ ਓਲੰਪਿਕ ਲਈ ਕੁਆਲੀਫਾਈ ਕਰਨ ਦਾ ਮੌਕਾ ਉਨ੍ਹਾਂ ਦੇ ਹੱਥੋਂ ਖੁੰਝ ਗਿਆ।

ਇਹ ਵੀ ਪੜ੍ਹੋ : ਦਿੱਲੀ ਹਾਈਕੋਰਟ ਨੇ ਜਾਅਲੀ ਵੈੱਬਸਾਈਟਾਂ ਨੂੰ ਟੀ20 ਵਿਸ਼ਵ ਕੱਪ ਦੇ ਪ੍ਰਸਾਰਣ ਤੋਂ ਰੋਕਿਆ

ਹਿਮਾ ਨੇ ਸੱਟ ਤੋਂ ਉਭਰਨ ਲਈ ਬ੍ਰੇਕ ਲਈ ਸੀ। ਉਨ੍ਹਾਂ ਨੇ 2018 ਵਿਚ ਫਿਨਲੈਂਡ ਵਿਚ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਵਿਚ 400 ਮੀਟਰ ਦਾ ਸੋਨ ਤਮਗਾ ਜਿੱਤ ਕੇ ਸੁਰਖ਼ੀਆਂ ਬਟੋਰੀਆਂ ਸਨ। ਉਹ ਵਿਸ਼ਵ ਖ਼ਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਫਰਾਟਾ ਦੌੜਾਕ ਹੈ। ਉਹ  2018 ਏਸ਼ੀਆਈ ਖੇਡਾਂ ਵਿਚ ਵਿਅਕਤੀਗਤ 400 ਮੀਟਰ ਦਾ ਚਾਂਦੀ ਦਾ ਤਮਗਾ ਜਿੱਤਣ ਦੇ ਇਲਾਵਾ ਸੋਨ ਤਮਗਾ ਜਿੱਤਣ ਵਾਲੀ ਮਹਿਲਾ 4*400 ਮੀਟਰ ਰਿਲੇਅ ਅਤੇ ਮਿਕਸਡ 4*400 ਮੀਟਰ ਰਿਲੇਅ ਟੀਮ ਦਾ ਵੀ ਹਿੱਸਾ ਸੀ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


 


author

cherry

Content Editor

Related News