ਰਾਸ ਟੇਲਰ ਨੇ ਨਿਊਜ਼ੀਲੈਂਡ ਕ੍ਰਿਕਟ ’ਚ ਨਸਲਵਾਦ ਦਾ ਲਾਇਆ ਦੋਸ਼
Friday, Aug 12, 2022 - 02:51 PM (IST)
ਵੇਲਿੰਗਟਨ (ਏਜੰਸੀ)- ਨਿਊਜ਼ੀਲੈਂਡ ਦੇ ਸਾਬਕਾ ਬੱਲੇਬਾਜ਼ ਰਾਸ ਟੇਲਰ ਨੇ ਆਪਣੀ ਆਤਮਕਥਾ ‘ਬਲੈਕ ਐਂਡ ਵ੍ਹਾਈਟ’ ਵਿਚ ਦੋਸ਼ ਲਾਇਆ ਹੈ ਕਿ ਉਸ ਨੂੰ ਆਪਣੇ ਕਰੀਅਰ ਦੌਰਾਨ ਨਸਲਵਾਦ ਦਾ ਸਾਹਮਣਾ ਕਰਨਾ ਪਿਆ ਸੀ। ਟੇਲਰ ਨੇ ਆਪਣੀ ਕਿਤਾਬ ’ਚ ਲਿਖਿਆ ਹੈ, ‘‘ਨਿਊਜ਼ੀਲੈਂਡ ’ਚ ਕ੍ਰਿਕਟ ਗੌਰੇ ਲੋਕਾਂ ਦੀ ਖੇਡ ਸੀ,’’ ਜਿਸ ਦਾ ਕੁਝ ਹਿੱਸਾ ਨਿਊਜ਼ੀਲੈਂਡ ਹੇਰਾਲਡ ਨੇ ਵੀਰਵਾਰ ਨੂੰ ਪ੍ਰਕਾਸ਼ਿਤ ਕੀਤਾ। ਨਿਊਜ਼ੀਲੈਂਡ ਹੇਰਾਲਡ ਦੇ ਅਨੁਸਾਰ ਟੇਲਰ ਨੇ ਲਿਖਿਆ, ‘‘ਆਪਣੇ ਕਰੀਅਰ ਦੇ ਜ਼ਿਆਦਤਰ ਹਿੱਸੇ ’ਚ ਮੈਂ ਇਕ ਬੁਰੇ ਦੌਰ ’ਚੋਂ ਲੰਘ ਰਿਹਾ ਸੀ।
ਗੌਰੇ ਲੋਕਾਂ ਦੀ ਟੀਮ ’ਚ ਇਕ ਸਾਂਵਲਾ ਚਿਹਰਾ ਸੀ। ਇਸ ਦੇ ਨਾਲ ਚੁਣੌਤੀਆਂ ਜੁੜੀਆਂ ਹੁੰਦੀਆਂ ਹਨ, ਜਿਨ੍ਹਾਂ ’ਚੋਂ ਕਈ ਤੁਹਾਡੀ ਟੀਮ ਦੇ ਸਾਥੀਆਂ ਜਾਂ ਕ੍ਰਿਕਟ ਦੇਖਣ ਵਾਲੀ ਜਨਤਾ ਨੂੰ ਨਹੀਂ ਦਿਸਦੀਆਂ, ਕਿਉਂਕਿ ਕ੍ਰਿਕਟ ’ਚ ਪੋਲੀਨੇਸ਼ੀਅਨ ਭਾਈਚਾਰੇ ਦੀ ਨੁਮਾਇੰਦਗੀ ਬੇਹੱਦ ਘੱਟ ਹੈ। ਮੈਨੂੰ ਹੈਰਾਨਗੀ ਨਹੀਂ ਹੁੰਦੀ ਸੀ, ਜਦੋਂ ਲੋਕ ਮੈਨੂੰ ਮਾਓਰੀ ਜਾਂ ਭਾਰਤੀ ਸਮਝ ਲੈਂਦੇ ਸਨ। ਇਸ ਸਾਲ ਕ੍ਰਿਕਟ ਤੋਂ ਰਿਟਾਇਰ ਹੋਏ ਟੇਲਰ ਦਾ ਕਹਿਣਾ ਹੈ ਕਿ ਉਸ ਦੇ ਨਾਲ ਹੋਣ ਵਾਲੀਆਂ ਨਸਲਵਾਦੀ ਟਿੱਪਣੀਆਂ ਨੂੰ ਜ਼ਿਆਦਾਤਰ ‘ਮਜ਼ਾਕ’ ਹੀ ਸਮਝਿਆ ਜਾਂਦਾ ਸੀ। ਟੇਲਰ ਨੇ 16 ਸਾਲ ਦੇ ਆਪਣੇ ਕਰੀਅਰ ’ਚ ਨਿਊਜ਼ੀਲੈਂਡ ਲਈ 112 ਟੈਸਟ, 236 ਵਨਡੇ ਅਤੇ 102 ਟੀ-20 ਅੰਤਰਰਾਸ਼ਟਰੀ ਮੈਚ ਖੇਡੇ।